ਨਵੀਂ ਦਿੱਲੀ, 11 ਅਕਤੂਬਰ
ਰੇਲਵੇ ਨੇ ਰਵਾਇਤੀ ਈਂਧਨ ਨਾਲ ਚੱਲਣ ਵਾਲੇ ਆਪਣੇ ਵਾਹਨਾਂ ਦੀ ਫਲੀਟ ਨੂੰ ਇਲੈਕਟ੍ਰਿਕ ਵਾਹਨਾਂ ਨਾਲ ਬਦਲਣ ਦੀ ਨੀਤੀ ਤਿਆਰ ਕੀਤੀ ਹੈ। ਇਸ ਤਹਿਤ ਉਸ ਨੇ ਡੀਜ਼ਲ, ਬਾਇਓਫਿਊਲ ਜਾਂ ਜੈਵਿਕ ਈਂਧਨ ’ਤੇ ਚੱਲਣ ਵਾਲੇ ਵਾਹਨਾਂ ਦੀ ਫਲੀਟ ਨੂੰ ਸਾਲ 2025 ਤਕ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਦੀ ਯੋਜਨਾ ਬਣਾਈ ਹੈ। ਇਸ ਨਾਲ ਕੇਂਦਰ ਦੀ ਸਾਲ 2030 ਤਕ ਭਾਰਤ ਨੂੰ 100 ਫੀਸਦੀ ਇਲੈਕਟ੍ਰਿਕ ਵਾਹਨਾਂ ਵਾਲਾ ਮੁਲਕ ਬਣਾਉਣ ਦੀ ਅਭਿਲਾਸ਼ੀ ਯੋਜਨਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਯੋਜਨਾ ਤਹਿਤ ਵੱਡੇ ਰੇਲਵੇ ਸਟੇਸ਼ਨਾਂ, ਦਫਤਰੀ ਇਮਾਰਤਾਂ ਅਤੇ ਪਾਰਕਿੰਗ ਸਥਾਨਾਂ ’ਤੇ ਵੱਡਾ ਚਾਰਜਿੰਗ ਬੁਨਿਆਦੀ ਢਾਂਚਾ ਉਸਾਰਿਆ ਜਾਵੇਗਾ। ਭਾਰਤ ਨੂੰ ਆਲਮੀ ਮਾਪਦੰਡ ਦੇ ਹਾਣ ਦਾ ਬਣਨ ਲਈ 2030 ਤੱਕ 46,000 ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਲੋੜ ਹੋਵੇਗੀ। ਰੇਲਵੇ ਵੱਲੋਂ ਜ਼ੋਨਾਂ ਲਈ ਪ੍ਰਸਤਾਵਿਤ ਸਮਾਂ ਸੀਮਾ ਅਨੁਸਾਰ, ਦਸੰਬਰ 2023 ਤੱਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੇ ਨਾਲ ਨਾਲ 20 ਫੀਸਦੀ ਫਲੀਟ ਨੂੰ ਇਲੈਕ੍ਰਟਿਕ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਸਾਲ 2024 ਤਕ ਇਹ 60 ਫੀਸਦੀ ਅਤੇ 2025 ਤਕ ਇਸ ਨੂੰ 100 ਫੀਸਦੀ ਕੀਤਾ ਜਾਵੇਗਾ। -ਏਜੰਸੀ