ਅਲਾਹਾਬਾਦ: ‘ਲਵ ਜਹਾਦ’ ਨੂੰ ਲੈ ਕੇ ਪੈ ਰਹੇ ਰੌਲੇ-ਰੱਪੇ ਦਰਮਿਆਨ ਅਲਾਹਾਬਾਦ ਹਾਈ ਕੋਰਟ ਨੇ ਜੀਵਨ ਸਾਥੀ ਦੀ ਚੋਣ ਦੇ ਅਧਿਕਾਰ ਨੂੰ ਜਿਊਣ ਦੇ ਅਧਿਕਾਰ ਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਵਾਂਗ ਸੁਭਾਵਿਕ ਦੱਸਿਆ ਹੈ। ਅਲਾਹਾਬਾਦ ਹਾਈ ਕੋਰਟ ਨੇ ਧਰਮ ਤਬਦੀਲ ਕਰਕੇ ਵਿਆਹ ਕਰਵਾਉਣ ਨਾਲ ਜੁੜੇ ਇਕ ਮਾਮਲੇ ਵਿੱਚ ਬੀਤੇ ਵਿੱਚ ਸੁਣਾਏ ਦੋ ਫੈਸਲਿਆਂ ਨੂੰ ‘ਆਪਾਵਿਰੋਧੀ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਸਾਲ 2014 ਵਿਚ ਸੁਣਾਏ ਫੈਸਲੇ ਵਿੱਚ ਵਿਆਹ ਲਈ ਧਰਮ ਤਬਦੀਲੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਅਲਾਹਾਬਾਦ ਹਾਈ ਕੋਰਟ ਨੇ ਫੈਸਲੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਵਿਆਹ ਲਈ ਜੀਵਨ ਸਾਥੀ (ਫਿਰ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ) ਚੁਣਨ ਦਾ ਅਧਿਕਾਰ ਵੀ ਜਿਊਣ ਦੇ ਹੱਕ ਅਤੇ ਨਿੱਜੀ ਆਜ਼ਾਦੀ ਦੇ ਹੱਕ ਵਾਂਗ ਸੁਭਾਵਿਕ ਹੈ। ਜਸਟਿਸ ਪੰਕਜ ਨਕਵੀ ਤੇ ਵਿਵੇਕ ਅਗਰਵਾਲ ਨੇ ਉਪਰੋਕਤ ਟਿੱਪਣੀਆਂ ਇਕ ਵਿਅਕਤੀ ਵੱਲੋਂ ਦਾਇਰ ਉਸ ਐੱਫਆਈਆਰ ਨੂੰ ਖਾਰਜ ਕਰਦਿਆਂ ਕੀਤੀਆਂ, ਜੋ ਉਸ ਨੇ ਆਪਣੀ ਧੀ ਦੇ ਪਤੀ ਖ਼ਿਲਾਫ਼ ਦਰਜ ਕੀਤੀ ਸੀ। ਧੀ ਨੇ ਇਸਲਾਮ ਧਰਮ ਕਬੂਲ ਕਰਕੇ ਵਿਆਹ ਕਰਵਾਇਆ ਸੀ। ਜੱਜਾਂ ਨੇ ਕਿਹਾ, ‘ਨਿੱਜੀ ਰਿਸ਼ਤਿਆਂ ’ਚ ਦਖ਼ਲ, ਦੋ ਵਿਅਕਤੀਆਂ ਵੱਲੋਂ ਇਕ ਦੂਜੇ ਨੂੰ ਚੁਣਨ ਦੀ ਆਜ਼ਾਦੀ/ਹੱਕ ਵਿਚ ਅਯੋਗ ਦਖ਼ਲ ਕਰਨ ਵਾਂਗ ਹੈ।’ ਅਲਾਹਾਬਾਦ ਹਾਈ ਕੋਰਟ ਦਾ ਇਹ ਫੈਸਲਾ ਅਜਿਹੇ ਮੌਕੇ ਆਇਆ ਹੈ ਜਦੋਂ ਉੱਤਰ ਪ੍ਰਦੇਸ਼ ਸਰਕਾਰ ਤੇ ਕੁਝ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵਿਆਹ ਦੀ ਆੜ ਵਿੱਚ ਕਥਿਤ ਜਬਰੀ ਧਰਮ ਤਬਦੀਲੀ ਕਰਵਾਉਣ, ਜਿਸ ਨੂੰ ਭਾਜਪਾ ਆਗੂਆਂ ਨੇ ‘ਲਵ ਜਹਾਦ’ ਦਾ ਨਾਮ ਦਿੱਤਾ ਹੈ, ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਾਨੂੰਨ ਬਣਾਉਣ ਦੀ ਫਿਰਾਕ ਵਿੱਚ ਹਨ। -ਪੀਟੀਆਈ