ਜੈਸਲਮੇਰ, 5 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਇਹ ਦਿਖਾਇਆ ਹੈ ਕਿ ਕੋਈ ਵੀ ਭਾਰਤ ਦੀਆਂ ਸਰਹੱਦਾਂ ਤੇ ਜਵਾਨਾਂ ਨੂੰ ਹਲਕੇ ਵਿਚ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਪੁਲਵਾਮਾ ਤੇ ਉੜੀ ਹਮਲਿਆਂ ਮਗਰੋਂ ਭਾਰਤ ਦੀ ਜਵਾਬੀ ਕਾਰਵਾਈ ਨੇ ਇਹ ਸਾਬਿਤ ਵੀ ਕੀਤਾ ਹੈ। ਬੀਐੱਸਐਫ ਦੇ 57ਵੇਂ ਸਥਾਪਨਾ ਦਿਵਸ ਮੌਕੇ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਲਈ ‘ਸਰਹੱਦੀ ਸੁਰੱਖਿਆ, ਕੌਮੀ ਸੁਰੱੱਖਿਆ ਦੇ ਬਰਾਬਰ ਹੈ।’ ਉਨ੍ਹਾਂ ਕਿਹਾ ਕਿ 2014 ਤੋਂ ਇਸ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਹੱਦੀ ਸੁਰੱਖਿਆ ਨੂੰ ਵੱਖਰੇ ਪੱਧਰ ਉਤੇ ਅਹਿਮੀਅਤ ਦਿੱਤੀ। ਜ਼ਿਕਰਯੋਗ ਹੈ ਕਿ ਬੀਐੱਸਐਫ ਪਹਿਲੀ ਦਸੰਬਰ 1965 ਨੂੰ ਕਾਇਮ ਕੀਤੀ ਗਈ ਸੀ। ਪਹਿਲੀ ਵਾਰ ਸਥਾਪਨਾ ਦਿਵਸ ਦਿੱਲੀ ਤੋਂ ਬਾਹਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਪੱਖੋਂ ਅਹਿਮ ਜੈਸਲਮੇਰ ਵਿਚ ਮਨਾਇਆ ਗਿਆ ਹੈ। ਸ਼ਾਹ ਨੇ ਇਸ ਮੌਕੇ ਕਿਹਾ ਕਿ ਉਹ ਮੰਨਦੇ ਹਨ ਕਿ ਕੋਈ ਵੀ ਮੁਲਕ ਤਾਂ ਹੀ ਤਰੱਕੀ ਕਰ ਸਕਦਾ ਹੈ ਜਦ ਇਸ ਦੀਆਂ ਹੱਦਾਂ ਸੁਰੱਖਿਅਤ ਹੋਣ। ਮੁਲਕ ਦੀਆਂ ਹੱਦਾਂ ’ਤੇ ਡਰੋਨਾਂ ਦਾ ਨਵਾਂ ਖ਼ਤਰਾ ਪੈਦਾ ਹੋਣ ਦੇ ਸੰਦਰਭ ਵਿਚ ਸ਼ਾਹ ਨੇ ਕਿਹਾ ਕਿ ਸਰਕਾਰ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਵਿਸ਼ਵ ਪੱਧਰ ਦੀ ਤਕਨੀਕ ਮੁਹੱਈਆ ਕਰਾਉਣ ਲਈ ਯਤਨ ਜਾਰੀ ਹਨ।
ਬੀਐੱਸਐਫ, ਐਨਐੱਸਜੀ ਤੇ ਡੀਆਰਡੀਓ ਸਵਦੇਸ਼ੀ ਡਰੋਨ ਤਕਨੀਕ ਵਿਕਸਿਤ ਕਰਨ ਵਿਚ ਲੱਗੇ ਹੋਏ ਹਨ ਤੇ ਜਲਦੀ ਹੀ ਇਹ ਵਰਤੋਂ ਵਿਚ ਲਿਆਂਦੀ ਜਾਵੇਗੀ। ਸ਼ਾਹ ਨੇ ਕਿਹਾ ਕਿ ਸਰਹੱਦ ’ਤੇ ਠੋਸ ਬੁਨਿਆਦੀ ਢਾਂਚੇ ਦੀ ਭੂਮਿਕਾ ਵੀ ਅਹਿਮ ਹੈ। 2014 ਤੋਂ 2020 ਤੱਕ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਸੜਕ ਉਸਾਰੀ ਬਜਟ 44,600 ਕਰੋੜ ਰੁਪਏ ਤੱਕ ਵਧਾਇਆ ਗਿਆ। ਉਨ੍ਹਾਂ ਬੀਐੱਸਐਫ ਦੇ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਹੱਦ ’ਤੇ ਕਰੜੀ ਨਿਗਰਾਨੀ ਰੱਖਣ। -ਪੀਟੀਆਈ