ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਅਗਸਤ
ਪੁਲੀਸ ਦੀ ਭੂਮਿਕਾ ਦੀ ਅਹਿਮੀਅਤ ਨੂੰ ਉਭਾਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਨੇ ਅੱਜ ਕਿਹਾ ਕਿ ਪੁਲੀਸ ਉਤੇ ਜਨਤਾ ਪ੍ਰਤੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੰਦਰੂਨੀ ਅਸ਼ਾਂਤੀ ਤੇ ਵਿਗੜੀ ਵਿਵਸਥਾ ਦਾ ਭਾਰਤ ਦੇ ਵਿਰੋਧੀ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਬੀ.ਐਲ. ਵੋਹਰਾ ਦੀ ਸਵੈ-ਜੀਵਨੀ ‘ਐਨ ਅਨਲਾਈਕਲੀ ਪੁਲੀਸ ਚੀਫ਼’ ਲੋਕ ਅਰਪਣ ਕਰਨ ਮੌਕੇ ਮੁੱਖ ਮਹਿਮਾਨ ਵੱਜੋਂ ਇਹ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਪੁਲੀਸ ਦੀ ਅਹਿਮ ਭੂਮਿਕਾ ਹੈ। ਇਸ ਲਈ ‘ਪੁਲੀਸਿੰਗ’ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤੇ ਪੁਲੀਸ ਵਿਭਾਗ ਨੂੰ ਸਾਰੀ ਜ਼ਰੂਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਪੁਸਤਕ ਲੋਕ ਅਰਪਣ ਕਰਨ ਮੌਕੇ ਮੰਚ ਉਤੇ ਮੌਜੂਦ ਡੀਜੀਪੀ ਪ੍ਰਕਾਸ਼ ਸਿੰਘ ਵੱਲੋਂ ਪੁਲੀਸ ਸੁਧਾਰ ਦੀ ਪਹਿਲ ਦਾ ਜ਼ਿਕਰ ਕਰਦਿਆਂ ਵੋਹਰਾ ਨੇ ਕਿਹਾ ਕਿ ਉਨ੍ਹਾਂ ਕਾਫ਼ੀ ਯਤਨ ਕੀਤੇ, ਪਰ ਅੰਤ ਵਿਚ ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਲੇਖਕ ਦੀ ਪ੍ਰਸ਼ੰਸਾ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਕਿਹਾ, ‘ਹਾਲਾਂਕਿ ਉਨ੍ਹਾਂ (ਲੇਖਕ ਨੇ) ਆਪਣੀ ਕਿਤਾਬ ਰਾਹੀਂ ਸਾਨੂੰ ਪੁਲੀਸ ਅਧਿਕਾਰੀ ਦੇ ਰੂਪ ਵਿਚ ਆਪਣੇ ਲੰਮੇ ਕਰੀਅਰ ਦੌਰਾਨ ਨਿਭਾਈਆਂ ਗਈਆਂ ਵੱਖ-ਵੱਖ ਭੂਮਿਕਾਵਾਂ ਦੇ ਆਪਣੇ ਤਜਰਬਿਆਂ ਬਾਰੇ ਦੱਸਿਆ ਹੈ, ਫਿਰ ਵੀ ਇਸ ਕਿਤਾਬ ਰਾਹੀਂ ਇਕ ਚਰਚਾ ਹੋਵੇਗੀ ਕਿ ਅਸੀਂ ਕਿੱਥੇ ਅਸਫ਼ਲ ਰਹੇ ਹਾਂ।’ ਸਾਬਕਾ ਡੀਜੀਪੀ ਪ੍ਰਕਾਸ਼ ਸਿੰਘ ਨੇ ਪੁਸਤਕ ਲਿਖਣ ਲਈ ਬੀਐਲ ਵੋਹਰਾ ਦੀ ਸ਼ਲਾਘਾ ਕੀਤੀ।
ਕਾਂਸਟੇਬਲ ਨੂੰ ਕਾਬਲੀਅਤ ਵਿਖਾਉਣ ਦਾ ਮੌਕਾ ਦੇਣ ਸੀਨੀਅਰ ਅਧਿਕਾਰੀ
ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਨੇ ਕਿਹਾ, ‘‘ਪੁਲੀਸ ਦੇ ਸਿਆਸੀਕਰਨ ਕਰਕੇ ਭ੍ਰਿਸ਼ਟਾਚਾਰ, ਗ਼ੈਰਜ਼ਿੰਮੇਵਾਰੀ, ਅਨੁਸ਼ਾਸਨਹੀਣਤਾ ਤੇ ਪੇਸ਼ੇਵਰਾਨਾ ਪਹੁੰਚ ਦੀ ਘਾਟ ਜਿਹੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ।’’ ਉਨ੍ਹਾਂ ਸੁਝਾਅ ਦਿੱਤਾ, ‘ਡੀਜੀਪੀ, ਆਈਜੀਪੀ ਜਾਂ ਉਸ ਮਾਮਲੇ ਲਈ ਹਰ ਜ਼ਿਲ੍ਹੇ ਦੇ ਐੱਸਪੀ ਨੂੰ ਕਾਨੂੰਨ ਲਾਗੂ ਕਰਨ ਦਾ ਆਪਣਾ ਫ਼ਰਜ਼ ਨਿਭਾਉਣ ਲਈ ਕਾਂਸਟੇਬਲ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਹੈ। ਜੇਕਰ ਉਹ ਗ਼ਲਤ ਹੁੰਦਾ ਹੈ ਤਾਂ ਉਸ ਨੂੰ ਬਰਖਾਸਤ ਕਰੋ ਜਾਂ ਕੋਈ ਹੋਰ ਉਚਿਤ ਕਾਰਵਾਈ ਕਰੋ, ਪਰ ਉਸ ਨੂੰ ਕੰਮ ਕਰਨ ਦੇਵੋ। ਜਦੋਂ ਤੱਕ ਤੁਸੀਂ ਉਸ ਨੂੰ ਨਿਰਪੱਖ ਤੇ ਆਜ਼ਾਦਾਨਾ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਉਦੋਂ ਤੱਕ ਸਿਸਟਮ ਕੰਮ ਨਹੀਂ ਕਰੇਗਾ।’