ਨਵੀਂ ਦਿੱਲੀ, 14 ਜੂਨ
ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਕਿਹਾ ਕਿ ਪੁਲਾੜ ਆਧਾਰਿਤ ਸਾਜ਼ੋ-ਸਾਮਾਨ ਦੇਸ਼ ਦੀ ਹਵਾਈ ਤਾਕਤ ਵਿਚ ਵਾਧਾ ਕਰੇਗਾ ਤੇ ਪੁਲਾੜ ਖੇਤਰ ਵਿਚ ਹੋਣ ਵਾਲੀ ਤਰੱਕੀ ਹੀ ਭਵਿੱਖ ’ਚ ਕਿਸੇ ਧਿਰ ਦੀ ਜਿੱਤ ਲਈ ਫੈਸਲਾਕੁਨ ਸਾਬਿਤ ਹੋਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਹਾਲਾਂਕਿ ਰਵਾਇਤੀ ਸੰਚਾਰ ਸੈਟੇਲਾਈਟ ਲੰਮੀਆਂ ਸੇਵਾਵਾਂ ਦੇ ਕੇ ਸਫ਼ਲ ਸਾਬਿਤ ਹੋਏ ਹਨ। ਇਨ੍ਹਾਂ ਦਾ ਦਾਇਰਾ ਵੀ ਵੱਡਾ ਹੈ ਪਰ ‘ਲੋਅ ਤੇ ਮੀਡੀਆ ਅਰਥ ਔਰਬਿਟ’ ਉਪਗ੍ਰਹਿ ਦੀ ਭੂਮਿਕਾ ਵੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ‘ਜੀਓ ਇੰਟੈਲੀਜੈਂਸ 2022’ ਵਿਚ ਸੰਬੋਧਨ ਕਰਦਿਆਂ ਚੌਧਰੀ ਨੇ ਕਿਹਾ ਕਿ ‘ਲੋਅ ਅਰਥ ਔਰਬਿਟ’ ਖੇਤਰ ਵਿਚ ਹੁਣ ਕਾਰੋਬਾਰ ਲਈ ਕਈ ਕੰਪਨੀਆਂ ਦਾਖਲ ਹੋ ਰਹੀਆਂ ਹਨ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਤਰ ’ਚ ਤਕਨੀਕ ਵੀ ਵਿਕਸਿਤ ਹੁੰਦੀ ਜਾਵੇਗੀ ਤੇ ਲਾਗਤ ਘਟੇਗੀ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਪੁਲਾੜ ਖੇਤਰ ਵਿਚ ਨਾਗਰਿਕ ਤੇ ਫ਼ੌਜੀ ਸਹਿਯੋਗ ਨਾਲ ਗਤੀਵਿਧੀਆਂ ਤੇਜ਼ੀ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਵਿਚ ਵੱਖ-ਵੱਖ ਸੰਸਥਾਵਾਂ, ਉਦਯੋਗ, ਸਟਾਰਟਅੱਪਸ, ਅਕਾਦਮਿਕ ਖੇਤਰ, ਖੋਜ ਤੇ ਪ੍ਰੀਖਣ ਹਿੱਸਾ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰੱਖਿਆ ਪੁਲਾੜ ਏਜੰਸੀ ਹਥਿਆਰਬੰਦ ਬਲਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਨਾਗਰਿਕ ਤੇ ਫ਼ੌਜੀ ਸਹਿਯੋਗ ਲਈ ਰਾਹ ਪੱਧਰਾ ਕਰ ਸਕਦੀ ਹੈ। -ਪੀਟੀਆਈ