ਮੁੰਬਈ, 29 ਜੂਨ
ਰੁਪਏ ’ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਜਾਰੀ ਰਹੀ। ਅੰਤਰ ਬੈਂਕ ਵਿਦੇਸ਼ੀ ਐਕਸਚੇਂਜ ਮਾਰਕਿਟ ’ਚ ਬੁੱਧਵਾਰ ਨੂੰ ਰੁਪਿਆ 18 ਪੈਸੇ ਟੁੱਟ ਕੇ 79.03 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ, ਵਿਦੇਸ਼ ’ਚ ਡਾਲਰ ’ਚ ਆਈ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਾਰਨ ਰੁਪਏ ’ਚ ਗਿਰਾਵਟ ਆਈ ਹੈ। ਅੱਜ ਸਵੇਰੇ ਅਮਰੀਕੀ ਡਾਲਰ ਦੇ ਮੁਕਾਬਲੇ ’ਚ ਰੁਪਿਆ 78.86 ’ਤੇ ਖੁੱਲ੍ਹਿਆ ਸੀ ਅਤੇ ਕਾਰੋਬਾਰ ਦੇ ਅਖੀਰ ’ਚ 18 ਪੈਸੇ ਦੀ ਗਿਰਾਵਟ ਨਾਲ ਇਹ 79.03 ਪ੍ਰਤੀ ਡਾਲਰ ’ਤੇ ਬੰਦ ਹੋਇਆ। ਇਸ ਦੌਰਾਨ ਰੁਪਏ ਨੇ ਅਮਰੀਕੀ ਕਰੰਸੀ ਦੇ ਮੁਕਾਬਲੇ ’ਚ 79.05 ਦੇ ਰਿਕਾਰਡ ਹੇਠਲੇ ਪੱਧਰ ਨੂੰ ਵੀ ਛੋਹਿਆ। ਮੰਗਲਵਾਰ ਨੂੰ ਰੁਪਿਆ 78.85 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ।