ਮੁੰਬਈ, 13 ਦਸੰਬਰ
ਵਿਦੇਸ਼ੀ ਬਾਜ਼ਾਰਾਂ ਵਿੱਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਦੌਰਾਨ ਅੱਜ ਰੁਪਈਆ ਡਾਲਰ ਦੇ ਮੁਕਾਬਲੇ 4 ਪੈਸੇ ਟੁੱਟ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 83.41 (ਅਸਥਾਈ) ’ਤੇ ਬੰਦ ਹੋਇਆ। ਵਿਦੇਸ਼ੀ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 76 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 73 ਡਾਲਰ ਹੋਣ ਕਾਰਨ ਰੁਪਏ ਨੂੰ ਕੁਝ ਹੁਲਾਰਾ ਮਿਲਿਆ ਪਰ ਸ਼ੇਅਰਬਾਜ਼ਾਰਾਂ ’ਚ ਮੰਦੀ ਨੇ ਸਥਾਨਕ ਮੁਦਰਾ ’ਤੇ ਦਬਾਅ ਵਧਾਇਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਡਾਲਰ ਦੇ ਮੁਕਾਬਲੇ ਰੁਪਇਆ 83.39 ਦੇ ਭਾਅ ’ਤੇ ਖੁੱਲ੍ਹਿਆ ਅਤੇ ਦਿਨ ਦੇ ਕਾਰੋਬਾਰ ਦੌਰਾਨ 83.38 ਤੇ 83.41 ਰੁਪਏ ਪ੍ਰਤੀ ਡਾਲਰ ਦੇ ਦਾਇਰੇ ਤੱਕ ਸੀਮਤ ਰਿਹਾ। ਅੰਤ ਵਿੱਚ ਰੁਪਈਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 83.41 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਜੋ ਕਿ ਪਿਛਲੇ ਬੰਦ ਭਾਅ 83.37 ਤੋਂ 4 ਪੈਸੇ ਘੱਟ ਹੈ। -ਪੀਟੀਆਈ