ਨਵੀਂ ਦਿੱਲੀ, 20 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੀ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁਹਿੰਮ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੱਧਰ ’ਤੇ ਚੱਲ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਨੇ ਸਾਇੰਸ ਵਿੱਚ ਕਮਾਲ ਦਾ ਭਰੋਸਾ ਦਿਖਾਇਆ ਅਤੇ ਉਨ੍ਹਾਂ ਨੇ ਆਪਣੀਆਂ ਕਰੋਨਾ ਰੋਕੂ ਖ਼ੁਰਾਕਾਂ ਸਮੇਂ ਸਿਰ ਲਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਟਿੱਪਣੀਆਂ ਮਾਈਕਰੋਸਾਫਟ ਦੇ ਸਹਿ-ਬਾਨੀ ਤੇ ਪਰਉਪਕਾਰੀ ਬਿੱਲ ਗੇਟਸ ਵੱਲੋਂ ਕੀਤੇ ਟਵੀਟ ਦੇ ਜਵਾਬ ਵਿੱਚ ਕੀਤੀਆਂ ਹਨ। ਬਿੱਲ ਗੇਟਸ ਨੇ ਭਾਰਤ ਵਿੱਚ 200 ਕਰੋੜ ਕਰੋਨਾ ਰੋਕੂ ਖ਼ੁਰਾਕਾਂ ਦੇਣ ਦਾ ਮੀਲ ਪੱਥਰ ਸਥਾਪਤ ਕਰਨ ’ਤੇ ਮੋਦੀ ਨੂੰ ਵਧਾਈ ਦਿੱਤੀ ਸੀ। ਬਿੱਲ ਗੇਟਸ ਨੇ ਟਵੀਟ ਕੀਤਾ ਸੀ, ‘‘200 ਕਰੋਨਾ ਰੋਕੂ ਖ਼ੁਰਾਕਾਂ ਦੇਣ ਦਾ ਇੱਕ ਹੋਰ ਮੀਲ ਪੱਥਰ ਸਥਾਪਤ ਕਰਨ ’ਤੇ ਮੋਦੀ ਨੂੰ ਵਧਾਈਆਂ। ਅਸੀਂ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਤੇ ਭਾਰਤ ਸਰਕਾਰ ਨਾਲ ਸਾਡੀ ਲਗਾਤਾਰ ਭਾਈਵਾਲੀ ਲਈ ਸ਼ੁਕਰਗੁਜ਼ਾਰ ਹਾਂ।’’ -ਪੀਟੀਆਈ
ਰਾਸ਼ਟਮੰਡਲ ਖੇਡਾਂ: ਮੋਦੀ ਵੱਲੋਂ ਭਾਰਤੀ ਅਥਲੀਟਾਂ ਨਾਲ ਗੱਲਬਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟਾਂ ਨੂੰ ਬਰਮਿੰਘਮ ਖੇਡਾਂ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਮੋਦੀ ਨੇ ਵਰਚੁਅਲ ਗੱਲਬਾਤ ਦੌਰਾਨ ਕਿਹਾ, ‘‘ਕਿਉਂ ਪੜੇ ਹੋ ਚੱਕਰ ਮੇਂ, ਕੋਈ ਨਹੀਂ ਹੈ ਟੱਕਰ ਮੇਂ। ਤੁਹਾਨੂੰ ਇਸ ਭਾਵਨਾ ਨਾਲ ਖੇਡਣਾ ਚਾਹੀਦਾ ਹੈ।’’ ਇਸ ਦੌਰਾਨ ਸਾਈਕਲਿਸਟ ਡੇਵਿਡ ਬੈਕਹਮ, ਬੈਡਮਿੰਟਨ ਖਿਡਾਰਨ ਟਰੀਜ਼ਾ ਜੌਲੀ, ਸਟੀਪਲਚੇਜ਼ਰ ਅਵਿਨਾਸ਼ ਸਾਬਲੇ, ਸ਼ਾਟਪੁਟਰ ਸ਼ਰਮੀਲਾ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਵੇਟ ਲਿਫਟਰ ਮੀਰਾਬਾਈ ਚਾਨੂ, ਹਾਕੀ ਗੋਲਕੀਪਰ ਸਵਿਤਾ ਪੂਨੀਆ, ਸਾਕਸ਼ੀ ਮਲਿਕ, ਮੁੱਕੇਬਾਜ਼ ਸ਼ਿਵਾ ਥਾਪਾ ਤੇ ਸੁਮਿਤ ਵੀ ਮੌਜੂਦ ਸਨ। -ਪੀਟੀਆਈ
ਭਾਰਤ ਦਾ ਮੁਹਾਂਦਰਾ ਬਦਲ ਰਿਹੈ: ਨੱਢਾ
ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਭਾਰਤ ਵੱਲੋਂ 200 ਕਰੋੜ ਕਰੋਨਾ ਰੋਕੂ ਖ਼ੁਰਾਕਾਂ ਦੇਣ ਦੇ ਮੀਲ ਪੱਥਰ ਨੂੰ ਸਥਾਪਤ ਕਰਨਾ ‘ਭਾਰਤ ਦੇ ਬਦਲਦੇ ਮੁਹਾਂਦਰੇ’ ਨੂੰ ਦਰਸਾਉਂਦਾ ਹੈ। ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਪੋਲੀਓ ਅਤੇ ਹੋਰ ਬਿਮਾਰੀਆਂ ਦੇ ਟੀਕੇ ਹਾਸਲ ਕਰਨ ਲਈ ਲਗਪਗ 20 ਸਾਲ ਉਡੀਕ ਕਰਨੀ ਪਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ-ਅੰਦੇਸ਼ੀ ਕਾਰਨ ਦੇਸ਼ ਨੂੰ ਇੱਕ ਨਹੀਂ, ਸਗੋਂ ਦੋ ਕਰੋਨਾ ਰੋਕੂ ਟੀਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਲੋਕ ‘ਸੁਰੱਕਸ਼ਾ ਕਵਚ’ ਲੈ ਕੇ ਚੱਲ ਰਹੇ ਹਨ। -ਪੀਟੀਆਈ