ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਜੂਨ
ਕੇਂਦਰ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਅਥਲੀਟ ਤੇ ਸਹਾਇਕ ਸਟਾਫ਼, ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਸਮੁੰਦਰੀ ਨੌਕਰੀਆਂ ’ਚ ਲੱਗੇ ਵਿਅਕਤੀ ਕੋਵੀਸ਼ੀਲਡ ਦੀ ਦੂਜੀ ਡੋਜ਼ ਇਸ ਦੀ ਪਹਿਲੀ ਡੋਜ਼ ਤੋਂ ਬਾਅਦ ਲਾਜ਼ਮੀ ਕਰਾਰ ਦਿੱਤੇ ਗਏ 84 ਦਿਨਾਂ ਦੇ ਵਕਫ਼ੇ ਤੋਂ ਪਹਿਲਾਂ ਲੈ ਸਕਣਗੇ, ਪਰ ਇਸ ਲਈ ਪਹਿਲੀ ਡੋਜ਼ ਮਗਰੋਂ 28 ਦਿਨਾਂ ਦਾ ਵਕਫਾ ਜ਼ਰੂਰੀ ਹੈ। ਸਰਕਾਰ ਨੇ ਸੋਮਵਾਰ ਨੂੰ ਇਹ ਫ਼ੈਸਲਾ ਕਈ ਵਫ਼ਦਾਂ ਵੱਲੋਂ ਕੋਵੀਸ਼ੀਲਡ ਦੀ ਦੂਜੀ ਡੋਜ਼ ਦੇਣ ਲਈ ਮਨਜ਼ੂਰੀ ਦੇਣ ਵਾਸਤੇ ਦਿੱਤੇ ਮੰਗ ਪੱਤਰਾਂ ਮਗਰੋਂ ਲਿਆ ਹੈ। ਦਰਅਸਲ, ਇਨ੍ਹਾਂ ਵਿਅਕਤੀਆਂ ਨੇ ਜਾਂ ਤਾਂ ਸਿੱਖਿਆ ਜਾਂ ਰੁਜ਼ਗਾਰ ਲਈ ਕੌਮਾਂਤਰੀ ਸਫ਼ਰ ਕਰਨਾ ਹੈ ਜਾਂ ਉਹ ਟੋਕੀਓ ਓਲੰਪਿਕਸ ਵਿੱਚ ਜਾਣ ਵਾਲੀ ਭਾਰਤੀ ਟੁਕੜੀ ਵਿੱਚ ਸ਼ਾਮਲ ਹਨ, ਪਰ ਉਨ੍ਹਾਂ ਦੀ ਸਫ਼ਰ ਕਰਨ ਸਬੰਧੀ ਤਰੀਕ 84 ਦਿਨਾਂ ਦੇ ਘੱਟੋ-ਘੱਟ ਲਾਜ਼ਮੀ ਵਕਫਾ ਖਤਮ ਹੋਣ ਤੋਂ ਪਹਿਲਾਂ ਬਣਦੀ ਹੈ। ਇਹ ਵਿਸ਼ੇਸ਼ ਟੀਕਾਕਰਨ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ, ਬਾਹਰਲੇ ਮੁਲਕਾਂ ਵਿੱਚ ਨੌਕਰੀਆਂ ਲਈ ਜਾਣ ਵਾਲੇ ਵਿਅਕਤੀਆਂ, ਅਥਲੀਟਾਂ ਤੇ ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੁਕੜੀ ਦੇ ਸਹਾਇਕਾਂ ਲਈ ਹੀ ਉਪਲੱਬਧ ਹੋਵੇਗਾ। ਸੂਬਿਆਂ ਨੂੰ ਇਸ ਸਬੰਧੀ ਮਨਜ਼ੂਰੀ ਦੇਣ ਲਈ ਹਰ ਜ਼ਿਲ੍ਹੇ ਵਿੱਚ ਇੱਕ ਸਮਰੱਥ ਅਧਿਕਾਰੀ ਨਿਯੁਕਤ ਕਰਨਾ ਪਵੇਗਾ ਜੋ ਸਾਰੇ ਕਾਗਜ਼ਾਤਾਂ ਦੀ ਜਾਂਚ ਕਰਨ ਮਗਰੋਂ ਇਸ ਸਬੰਧੀ ਆਗਿਆ ਦੇਵੇਗਾ। ਸਰਕਾਰ ਮੁਤਾਬਕ ਇਹ ਸਹੂਲਤ 31 ਅਗਸਤ 2021 ਤੱਕ ਦੀ ਸਮਾਂ-ਸੀਮਾ ਵਿੱਚ ਉਪਰੋਕਤ ਉਦੇਸ਼ਾਂ ਲਈ ਕੌਮਾਂਤਰੀ ਸਫ਼ਰ ਕਰਨ ਵਾਲੇ ਵਿਅਕਤੀਆਂ ਲਈ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ’ਚ ਕੋਵੀਸ਼ੀਲਡ ਦੀ ਦੂਜੀ ਡੋਜ਼ ਲਵਾਉਣ ਲਈ ਵਕਫ਼ਾ ਘਟਾ ਕੇ ਪਹਿਲੀ ਡੋਜ਼ ਲੱਗਣ ਦੇ 12 ਤੋਂ 16 ਹਫ਼ਤਿਆਂ ਬਾਅਦ ਕਰ ਦਿੱਤਾ ਹੈ।
ਕਰੋਨਾ: ਭਾਰਤ ਨੂੰ ਦੋ ਮਹੀਨਿਆਂ ਮਗਰੋਂ ਵੱਡੀ ਰਾਹਤ, ਕੇਸਾਂ ਦੀ ਗਿਣਤੀ ਘਟੀ
ਨਵੀਂ ਦਿੱਲੀ: ਭਾਰਤ ਨੂੰ ਕਰੋਨਾਵਾਇਰਸ ਮਹਾਮਾਰੀ ਤੋਂ ਦੋ ਮਹੀਨਿਆਂ ਮਗਰੋਂ ਵੱਡੀ ਰਾਹਤ ਮਿਲੀ ਹੈ ਅਤੇ 63 ਦਿਨਾਂ ਦੇ ਵਕਫ਼ੇ ਮਗਰੋਂ ਰੋਜ਼ਾਨਾ ਦਰਜ ਹੋਣ ਵਾਲੇ ਕੇਸਾਂ ਦੀ ਦਰ ਘਟ ਕੇ 4.62 ਫ਼ੀਸਦੀ ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ, 66 ਦਿਨਾਂ ਮਗਰੋਂ ਇੱਕ ਦਿਨ ਵਿੱਚ ਸਭ ਤੋਂ ਘੱਟ 86,498 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 2,89,96,473 ਹੋ ਗਈ ਹੈ। ਕੋਵਿਡ ਕੇਸਾਂ ਦੀ ਸਭ ਤੋਂ ਘੱਟ ਗਿਣਤੀ ਬੀਤੀ 2 ਅਪਰੈਲ ਨੂੰ 81,466 ਦਰਜ ਕੀਤੀ ਗਈ ਸੀ। ਹਾਲਾਂਕਿ, ਮੌਤਾਂ ਦੀ ਦਰ ਵਿੱਚ ਵੀ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਨਾਲ 2,123 ਮੌਤਾਂ ਹੋਈਆਂ, ਜੋ 47 ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਮਹਾਮਾਰੀ ਨੇ ਹੁਣ ਤੱਕ 3,51,309 ਲੋਕਾਂ ਦੀ ਜਾਨ ਲੈ ਲਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 36,82,07,596 ਲੋਕਾਂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਸੋਮਵਾਰ ਨੂੰ 18,73,485 ਸੈਂਪਲ ਲਏ ਗਏ। ਮੰਤਰਾਲੇ ਮੁਤਾਬਕ, ਰੋਜ਼ਾਨਾ ਪਾਜ਼ੇਟਿਵਿਟੀ ਦਰ ਘੱਟ ਕੇ 4.62 ਰਹਿ ਗਈ ਹੈ, ਜੋ ਲਗਾਤਾਰ 15 ਦਿਨਾਂ ਵਿੱਚ ਦਸ ਫ਼ੀਸਦੀ ਤੋਂ ਘੱਟ ਰਹੀ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 5.94 ਫ਼ੀਸਦੀ ’ਤੇ ਆ ਗਈ, ਜਦੋਂਕਿ ਸਰਗਰਮ ਕੇਸ 13,03,702 ਰਹਿ ਗਏ, ਜੋ ਕੁੱਲ ਦਾ 4.50 ਫ਼ੀਸਦੀ ਹਨ। ਦੇਸ਼ ਦੀ ਸਿਹਤਯਾਬੀ ਦਰ 94.29 ਫ਼ੀਸਦੀ ਹੋ ਗਈ ਹੈ। -ਪੀਟੀਆਈ