ਕੋਲਕਾਤਾ, 7 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੀ ਚਾਰਟਰਡ ਉਡਾਣ ਅੱਗੇ ਇਕ ਹੋਰ ਜਹਾਜ਼ ਆ ਗਿਆ ਸੀ ਤੇ ਪਾਇਲਟ ਵੱਲੋਂ ਦਿਖਾਈ ਫੁਰਤੀ ਕਾਰਨ ਸਿੱਧੀ ਟੱਕਰ ਹੋਣ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੇ ਜਹਾਜ਼ ਨੂੰ ਉਡਾਣ ਦੌਰਾਨ ਜ਼ਬਰਦਸਤ ਝਟਕੇ ਲੱਗੇ ਸਨ। ਬੈਨਰਜੀ ਨੇ ਨਾਲ ਹੀ ਕਿਹਾ ਕਿ ਸਾਹਮਣੇ ਤੋਂ ਆਇਆ ਜਹਾਜ਼ ਕਿਸੇ ਵੀ ਏਅਰ ਪਾਕੇਟ ਨਾਲ ਸਬੰਧਤ ਨਹੀਂ ਸੀ ਜਿਵੇਂ ਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ। ਬੰਗਾਲ ਸਰਕਾਰ ਨੇ ਸ਼ਨਿਚਰਵਾਰ ਇਸ ਬਾਰੇ ਡੀਜੀਸੀਏ ਤੋਂ ਰਿਪੋਰਟ ਮੰਗੀ ਸੀ। ਮੁੱਖ ਮੰਤਰੀ ਦੀ ਚਾਰਟਰਡ ਫਲਾਈਟ ਨੂੰ ਜ਼ੋਰਦਾਰ ਝਟਕੇ ਲੱਗੇ ਸਨ ਤੇ ਬੈਨਰਜੀ ਦੀ ਪਿੱਠ ਤੇ ਛਾਤੀ ਵਿਚ ਸੱਟ ਲੱਗੀ ਸੀ। ਵੇਰਵਿਆਂ ਮੁਤਾਬਕ ਜਹਾਜ਼ ਨੂੰ ਪਾਇਲਟ ਵੱਲੋਂ ਇਕਦਮ ਛੇ ਹਜ਼ਾਰ ਫੁਟ ਹੇਠਾਂ ਲਾਹਿਆ ਗਿਆ। ਰਾਜ ਸਰਕਾਰ ਨੇ ਡੀਜੀਸੀਏ ਤੋਂ ਇਹ ਵੀ ਪੁੱਛਿਆ ਹੈ ਕਿ ਕੀ ਬੈਨਰਜੀ ਦੀ ਚਾਰਟਰਡ ਉਡਾਣ ਲਈ ਰੂਟ ਮਨਜ਼ੂਰ ਕੀਤਾ ਗਿਆ ਸੀ। ਮਮਤਾ ਘਟਨਾ ਵਾਪਰਨ ਵੇਲੇ ਯੂਪੀ ਤੋਂ ਪਰਤ ਰਹੀ ਸੀ ਜਿੱਥੇ ਉਨ੍ਹਾਂ ‘ਸਪਾ’ ਦੀ ਹਮਾਇਤ ਕੀਤੀ ਹੈ। ਮੁੱਖ ਮੰਤਰੀ ਵੱਲੋਂ ਵਰਤਿਆ ਜਾ ਰਿਹਾ ਜਹਾਜ਼ ਦਾਸੋ ਫਾਲਕਨ 2000 ਸੀ ਜਿਸ ਵਿਚ 19 ਵਿਅਕਤੀ ਸਫ਼ਰ ਕਰ ਸਕਦੇ ਹਨ। -ਪੀਟੀਆਈ