ਨਵੀਂ ਦਿੱਲੀ, 12 ਮਈ
ਉੱਘੇ ਵਾਇਰਸ ਵਿਗਿਆਨੀ ਸ਼ਾਹਿਦ ਜਮੀਲ ਨੇ ਕਿਹਾ ਹੈ ਕਿ ਭਾਰਤ ਦੀ ਦੂਜੀ ਕੋਵਿਡ ਲਹਿਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਇਕਦਮ ਹੇਠਾਂ ਨੂੰ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੰਮੀ ਪ੍ਰਕਿਰਿਆ ਹੈ ਤੇ ਜੁਲਾਈ ਤੱਕ ਚੱਲ ਸਕਦੀ ਹੈ। ਅਸ਼ੋਕਾ ਯੂਨੀਵਰਸਿਟੀ ਦੇ ਬਾਇਓ ਵਿਗਿਆਨ ਸਕੂਲ ਦੇ ਡਾਇਰੈਕਟਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਵਾਇਰਸ ਦਾ ਨਵਾਂ ਸਰੂਪ ਕੇਸਾਂ ਵਿਚ ਤੇਜ਼ੀ ਨਾਲ ਵਾਧੇ ਲਈ ਜ਼ਿੰਮੇਵਾਰ ਹੋਵੇ, ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਵਾਇਰਸ ਦੇ ਬਣ ਰਹੇ ਨਵੇਂ ਰੂਪ ਜ਼ਿਆਦਾ ਖ਼ਤਰਨਾਕ ਹਨ। ‘ਇੰਡੀਅਨ ਐਕਸਪ੍ਰੈੱਸ’ ਦੇ ਇਕ ਆਨਲਾਈਨ ਸਮਾਗਮ ਵਿਚ ਬੋਲਦਿਆਂ ਜਮੀਲ ਨੇ ਕਿਹਾ ਕਿ ਹਾਲੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਦੂਜੀ ਲਹਿਰ ਦੀ ਸਿਖ਼ਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਕਰਵ ਭਾਵੇਂ ਫਲੈਟ ਹੋ ਗਈ ਹੋਵੇ’ ਪਰ ਦੂਜੇ ਪਾਸੇ ਨੂੰ ਹੇਠਾਂ ਉਤਰਨਾ ਐਨਾ ਸੌਖਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ ਕੇਸ ਆਉਣੇ ਜਾਰੀ ਰਹਿ ਸਕਦੇ ਹਨ। ਜਮੀਲ ਨੇ ਕਿਹਾ ਕਿ ਇਸ ਵਾਰ ਪਹਿਲੀ ਲਹਿਰ ਵਾਂਗ ਨਹੀਂ ਹੋਵੇਗਾ। ਪਹਿਲੀ ਲਹਿਰ ਵਿਚ ਲਗਾਤਾਰ ਕੇਸ ਘੱਟ ਗਏ ਸਨ। -ਪੀਟੀਆਈ