ਨਵੀਂ ਦਿੱਲੀ/ਲੇਹ, 5 ਅਗਸਤ
ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਲੇਹ ਹਵਾਈਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅੱਜ ਕੇਂਦਰੀ ਸਨਅਤ ਸੁਰੱਖਿਆ ਬਲ (ਸੀਆਈਐੱਸਐੱਫ) ਨੇ ਸੰਭਾਲ ਲਈ ਹੈ। ਇਹ ਹਵਾਈਅੱਡਾ ਦੇਸ਼ ਵਿੱਚ ਸਭ ਤੋਂ ਉੱਚੀ ਜਗ੍ਹਾ ’ਤੇ ਸਥਿਤ ਹਵਾਈਅੱਡਾ ਹੈ। ਸੀਆਈਐੱਸਐੱਫ ਦੇ 185 ਜਵਾਨਾਂ ਦੀ ਇਕ ਟੁੱਕੜੀ ਰਣਨੀਤਕ ਤੌਰ ’ਤੇ ਅਹਿਮ ਅਤੇ ਕਾਫੀ ਸੰਵੇਦਨਸ਼ੀਲ ਇਸ ਹਵਾਈਅੱਡੇ ਦੀ ਦਿਨ-ਰਾਤ ਸੁਰੱਖਿਆ ਕਰੇਗੀ। ਇਹ ਹਵਾਈਅੱਡਾ ਸਮੁੰਦਰ ਤਲ ਤੋਂ 3,256 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇਹ ਜਾਣਕਾਰੀ ਸੀਆਈਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਕੁਸ਼ੋਕ ਬਕੁਲਾ ਰਿੰਪੋਚੀ ਹਵਾਈਅੱਡਾ ਭਾਰਤੀ ਹਵਾਈਅੱਡਾ ਅਥਾਰਟੀ ਅਧੀਨ ਹੈ ਅਤੇ ਸੀਆਈਐੱਸਐੱਫ ਦੀ ਸੁਰੱਖਿਆ ਹੇਠ ਆਉਣ ਵਾਲਾ ਇਹ 64ਵਾਂ ਹਵਾਈਅੱਡਾ ਹੈ। ਹੁਣ ਤੱਕ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਥਾਨਕ ਪੁਲੀਸ ’ਤੇ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਇਕ ਸਾਧਾਰਨ ਸਮਾਰੋਹ ਹਵਾਈਅੱਡੇ ’ਤੇ ਹੋਇਆ ਜਿਸ ਵਿੱਚ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਰਾਜੇਸ਼ ਰੰਜਨ, ਵਿਸ਼ੇਸ਼ ਡੀਜੀ (ਹਵਾਈਅੱਡੇ) ਐੱਮ.ਏ. ਗਣਪਤੀ ਤੇ ਹਵਾਈਅੱਡਾ ਡਾਇਰੈਕਟਰ ਸੋਨਮ ਨੋਰਬੂ ਵੀ ਸ਼ਾਮਲ ਸਨ। ਸ੍ਰੀ ਨੋਰਬੂ ਨੇ ਸੀਆਈਐੱਸਐੱਫ ਦੇ ਡਿਪਟੀ ਕਮਾਂਡੈਂਟ ਤੇ ਹਵਾਈਅੱਡਾ ਮੁੱਖ ਸੁਰੱਖਿਆ ਅਧਿਕਾਰੀ ਸੰਕੇਤ ਗਾਇਕਵਾੜ ਨੂੰ ਹਵਾਈਅੱਡੇ ਦੀ ਰਸਮੀ ਤੌਰ ’ਤੇ ਚਾਬੀ ਸੌਂਪੀ। -ਪੀਟੀਆਈ