ਨਵੀਂ ਦਿੱਲੀ, 4 ਜੂਨ
ਭਾਰਤ ਦੇ ਡਰੱਗ ਕੰਟਰੋਲਰ ਨੇ ਸੀਰਮ ਇੰਸਟੀਚਿਊਟ ਨੂੰ ਸਪੂਤਨਿਕ-ਵੀ ਕੋਵਿਡ ਵੈਕਸੀਨ ਦੇ ਨਿਰਮਾਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਉਤਪਾਦਨ ਅਧਿਐਨ ਤੇ ਪਰਖ਼ ਲਈ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੁਣੇ ਅਧਾਰਿਤ ਕੰਪਨੀ ਨੇ ਰੂਸ ਦੇ ਖੋਜ ਕੇਂਦਰ ਨਾਲ ਭਾਈਵਾਲੀ ਪਾਈ ਹੈ। ਕੰਪਨੀ ਨੇ ਵੀਰਵਾਰ ਡਰੱਗ ਕੰਟਰੋਲਰ ਨੂੰ ਇਸ ਬਾਰੇ ਅਰਜ਼ੀ ਦਿੱਤੀ ਸੀ। ਅੱਜ ਕੰਪਨੀ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ ਤੇ ਇਹ ਤਿੰਨ ਸਾਲਾਂ ਤੱਕ ਲਾਗੂ ਰਹੇਗਾ ਜੇਕਰ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ। ਰੂਸ ਦੀ ਸਪੂਤਨਿਕ ਵੈਕਸੀਨ ਮੌਜੂਦਾ ਸਮੇਂ ਡਾ. ਰੈੱਡੀ ਲੈਬਸ ਵੱਲੋਂ ਭਾਰਤ ਵਿਚ ਬਣਾਇਆ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਭਾਰਤ ਵਿਚ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਲੈਣ ਦਾ ਯਤਨ ਕਰੇਗਾ। -ਪੀਟੀਆਈ