ਭੋਪਾਲ, 15 ਸਤੰਬਰ
ਪੋਸ਼ਕ ਖਾਣਾ ਯੋਜਨਾ ’ਚ ਕਥਿਤ ਬੇਨਿਯਮੀਆਂ ਦੇ ਮੁੱਦੇ ’ਤੇ ਹੋਏ ਹੰਗਾਮੇ ਕਾਰਨ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਨਿਰਧਾਰਤ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। 13 ਸਤੰਬਰ ਤੋਂ ਸ਼ੁਰੂ ਹੋਇਆ ਇਹ ਪੰਜ ਰੋਜ਼ਾ ਸੈਸ਼ਨ 17 ਸਤੰਬਰ ਤੱਕ ਚੱਲਣਾ ਸੀ।
ਅੱਜ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਗੋਵਿੰਦ ਸਿੰਘ ਨੇ ਪੋਸ਼ਕ ਖਾਣਾ ਯੋਜਨਾ ’ਚ ਕਥਿਤ ਬੇਨਿਯਮੀਆਂ ਬਾਰੇ ਆਡਿਟ ਰਿਪੋਰਟ ਬਾਰੇ ਦਿੱਤੇ ਗਏ ਬਰਖਾਸਤੀ ਮਤੇ ’ਤੇ ਬਹਿਸ ਕਰਵਾਉਣ ਦੀ ਮੰਗ ਕੀਤੀ। ਕੁਝ ਹੋਰ ਕਾਂਗਰਸ ਵਿਧਾਇਕਾਂ ਨੇ ਵੀ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ ਜਿਸ ਮਗਰੋਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਇੱਕ ਦਿਨ ਪਹਿਲਾਂ ਹੀ ਇਸ ਯੋਜਨਾ ਦੇ ਮੁੱਦੇ ’ਤੇ ਆਪਣਾ ਬਿਆਨ ਸਦਨ ’ਚ ਦੇ ਚੁੱਕੇ ਹਨ। ਹਾਲਾਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਨਾਲ ਨਾਲ ਸੱਤਾ ਧਿਰ ਦੇ ਮੈਂਬਰਾਂ ਨੇ ਵੀ ਇਸ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਪੀਕਰ ਗਿਰੀਸ਼ ਗੌਤਮ ਨੂੰ ਸਦਨ ਦੀ ਕਾਰਵਾਈ 10 ਮਿੰਟ ਲਈ ਰੋਕਣੀ ਪਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਇਸ ਮੁੱਦੇ ’ਤੇ ਮੁੜ ਹੰਗਾਮਾ ਕੀਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸਿਫਰ ਕਾਲ ਲਈ ਰੋਕ ਦਿੱਤੀ ਗਈ। ਪ੍ਰਸ਼ਨ ਕਾਲ ਦੌਰਾਨ ਹੰਗਾਮਾ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਸਿਫਰ ਕਾਲ ਲਈ ਸ਼ੁਰੂ ਹੋਈ ਤਾਂ ਮੁੜ ਪੋਸ਼ਣ ਖਾਣਾ ਯੋਜਨਾ ਦਾ ਮੁੱਦਾ ਉਠਾਇਆ ਗਿਆ। ਇਸੇ ਦੌਰਾਨ ਕਬਾਇਲੀ ਵਿਧਾਇਕ ਪੰਚਲਾਲ ਮੇਧਾ ਨੇ ਸਪੀਕਰ ਦੇ ਆਸਨ ਦੇ ਸਾਹਮਣੇ ਜਾ ਕੇ ਉਨ੍ਹਾਂ ਨਾਲ ਬੀਤੇ ਦਿਨ ਕੀਤੀ ਗਈ ਬਦਸਲੂਕੀ ਲਈ ਇਨਸਾਫ਼ ਦੀ ਮੰਗ ਕੀਤੀ। ਮੇਧਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਕੰਪਲੈਕਸ ’ਚ ਦਾਖਲ ਹੋਣ ਸਮੇਂ ਉਨ੍ਹਾਂ ਨੂੰ ਸੁਰੱਖਿਆ ਕਮੀਆਂ ਨੇ ਰੋਕਿਆ ਤੇ ਧੱਕਾਮੁੱਕੀ ਦੌਰਾਨ ਉਲ੍ਹਾਂ ਦੇ ਹੱਥ ’ਤੇ ਸੱਟ ਵੀ ਵੱਜੀ। ਇਸ ਤੋਂ ਬਾਅਦ ਵਿਰੋਧੀ ਧਿਰ ਤੇ ਹਾਕਮ ਧਿਰ ਦੇ ਵਿਧਾਇਕ ਵੀ ਸਪੀਕਰ ਦੀ ਕੁਰਸੀ ਦੇ ਸਾਹਮਣੇ ਆ ਕੇ ਹੰਗਾਮਾ ਕਰਨ ਲੱਗੇ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ