ਅੰਗਰੱਖਿਅਕ ਦੀ ਮੌਤ ਦੇ ਮਾਮਲੇ ’ਚ ਕੀਤਾ ਗਿਆ ਸੀ ਤਲਬ
ਕੋਲਕਾਤਾ, 6 ਸਤੰਬਰ
ਵਿਰੋਧੀ ਧਿਰ ਦਾ ਆਗੂ ਸ਼ੁਵੇਂਦੂ ਅਧਿਕਾਰੀ ਆਪਣੇ ਅੰਗਰੱਖਿਅਕ ਦੀ ਮੌਤ ਦੇ ਮਾਮਲੇ ’ਚ ਪੱਛਮੀ ਬੰਗਾਲ ਦੀ ਸੀਆਈਡੀ ਅੱਗੇ ਅੱਜ ਪੇਸ਼ ਨਹੀਂ ਹੋਇਆ। ਭਾਜਪਾ ਦੇ ਨੰਦੀਗ੍ਰਾਮ ਤੋਂ ਵਿਧਾਇਕ ਨੂੰ ਅੰਗ ਰੱਖਿਅਕ ਸ਼ੁਭਬ੍ਰਤ ਚੱਕਰਵਰਤੀ ਦੀ ਮੌਤ ਦੇ ਮਾਮਲੇ ’ਚ ਇਥੇ ਸੀਆਈਡੀ ਦੇ ਦਫ਼ਤਰ ’ਚ ਤਲਬ ਕੀਤਾ ਗਿਆ ਸੀ। ਇਕ ਸੀਆਈਡੀ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ੁਵੇਂਦੂ ਨੇ ਸਵੇਰੇ ਸਾਢੇ 9 ਵਜੇ ਈ-ਮੇਲ ਭੇਜੀ ਕਿ ਕੁਝ ਸਿਆਸੀ ਰੁਝੇਵੇਂ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕਦਾ ਹੈ। ਸੀਆਈਡੀ ਨੇ ਅਧਿਕਾਰੀ ਦੀ ਮੇਲ ਮਿਲਣ ਮਗਰੋਂ ਅਗਲੇ ਸੰਭਾਵੀ ਕਦਮ ਲਈ ਰਣਨੀਤੀ ਬਣਾਈ। ਸੂਤਰਾਂ ਨੇ ਕਿਹਾ ਕਿ ਸ਼ੁਵੇਂਦੂ ਨੂੰ ਮੁੜ ਤੋਂ ਸੰਮਨ ਭੇਜੇ ਜਾ ਸਕਦੇ ਹਨ। ਜਾਂਚ ਦੇ ਸਬੰਧ ’ਚ ਸੀਆਈਡੀ ਟੀਮ ਪਹਿਲਾਂ ਹੀ ਸ਼ੁਵੇਂਦੂ ਦੀ ਕਾਂਥੀ ਰਿਹਾਇਸ਼ ਦਾ ਦੌਰਾ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅੰਗਰੱਖਿਅਕ ਨੇ ਅਧਿਕਾਰੀ ਦੀ ਰਿਹਾਇਸ਼ ਦੇ ਬਾਹਰ ਅਕਤੂਬਰ 2018 ’ਚ ਆਪਣੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਲਈ ਸੀ। ਸੀਆਈਡੀ ਨੇ ਹੁਣ ਤੱਕ 11 ਪੁਲੀਸ ਕਰਮੀਆਂ ਸਮੇਤ 15 ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਹੈ। ਸ਼ੁਭਬ੍ਰਤ ਚੱਕਰਵਰਤੀ ਉਸ ਸਮੇਂ ਤੋਂ ਅਧਿਕਾਰੀ ਦੀ ਸੁਰੱਖਿਆ ਟੀਮ ਦਾ ਹਿੱਸਾ ਸੀ ਜਦੋਂ ਉਹ ਸੰਸਦ ਮੈਂਬਰ ਬਣੇ ਸਨ। ਇਸ ਮਗਰੋਂ ਮਮਤਾ ਬੈਨਰਜੀ ਦੀ ਸਰਕਾਰ ’ਚ ਮੰਤਰੀ ਰਹਿੰਦਿਆਂ ਵੀ ਉਹ ਅਧਿਕਾਰੀ ਦੀ ਸੁਰੱਖਿਆ ਟੀਮ ਨਾਲ ਸੀ। -ਪੀਟੀਆਈ