ਕੋਲਕਾਤਾ, 23 ਜੁਲਾਈ
ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸ਼ੁਵੇਂਦੂ ਅਧਿਕਾਰੀ ਨੇ ‘ਸਿਆਸੀ ਬਦਲਾਖੋਰੀ’ ਦਾ ਦੋਸ਼ ਲਾਉਂਦਿਆਂ ਕਲਕੱਤਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੂਬਾ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸ ਸੀਬੀਆਈ ਕੋਲ ਤਬਦੀਲ ਕਰਨ ਦੀ ਅਪੀਲ ਕੀਤੀ ਹੈ।
ਸ਼ੁਵੇਂਦੂ ਨੇ ਸੂਬਾ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੀਆਂ ਐੱਫਆਈਆਰਜ਼ ਵੀ ਖਾਰਜ ਕਰਨ ਦਾ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ। ਭਾਜਪਾ ਵਿਧਾਇਕ ਵੱਲੋਂ ਆਪਣੇ ਖ਼ਿਲਾਫ਼ ਦਰਜ ਅਪਰਾਧਕ ਮਾਮਲੇ ‘ਨਿਰਪੱਖ ਜਾਂਚ’ ਲਈ ਸੀਬੀਆਈ ਨੂੰ ਸੌਂਪਣ ਦੀ ਅਪੀਲ ਕਰਦਿਆਂ ਇਹ ਰਿੱਟ ਪਟੀਸ਼ਨ ਵੀਰਵਾਰ ਨੂੰ ਦਾਇਰ ਕੀਤੀ ਗਈ। ਸ਼ੁਵੇਂਦੂ ਅਧਿਕਾਰੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦਾ ਨੇਤਾ ਹੋਣ ਕਾਰਨ ਉਨ੍ਹਾਂ ਨੂੰ ‘ਸਿਆਸੀ ਬਦਲਾਖੋਰੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ‘ਝੂਠੇ ਦਾਅਵੇ’ ਕਰਕੇ ਕੇਸ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸੂਬਾ ਪੁਲੀਸ ਅਤੇ ਉਸ ਦੇ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਵੱਲੋਂ ਸ਼ੁਵੇਂਦੂ ਨਾਲ ਸਬੰਧਤ ਕਈ ਕਈ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਧਿਕਾਰੀ ਨੇ ਨੰਦੀਗ੍ਰਾਮ ’ਚ ਮਮਤਾ ਬੈਨਰਜੀ ਨੂੰ ਹਰਾਇਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਟੀਐਮਸੀ ਨੇ ਚੋਣਾਂ ਤੋਂ ਬਾਅਦ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਸੀ। -ਪੀਟੀਆਈ