ਗੁਹਾਟੀ, 29 ਜੁਲਾਈ
ਅਸਾਮ-ਮਿਜ਼ੋਰਮ ਸਰਹੱਦ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨਾਲ ਉਥੇ ਹਾਲਾਤ ਸ਼ਾਂਤ ਹਨ। ਕਚਾਰ ਜ਼ਿਲ੍ਹੇ ਦੇ ਅਧਿਕਾਰੀ ਮੁਤਾਬਕ ਲੈਲਾਪੁਰ ਸਰਹੱਦ ’ਤੇ ਸੂਬਿਆਂ ਦੇ ਪੁਲੀਸ ਮੁਲਾਜ਼ਮ ਆਪਣੀਆਂ ਆਪਣੀਆਂ ਸਰਹੱਦਾਂ ਦੇ 100 ਮੀਟਰ ਘੇਰੇ ਅੰਦਰ ਹਨ। ਸਰਹੱਦ ’ਤੇ ਪੂਰੀ ਸਖ਼ਤੀ ਰੱਖੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਉਧਰ ਨਾ ਜਾਣ ਦਿੱਤਾ ਜਾਵੇ। ਬਰਾਕ ਵੈਲੀ ਦੇ ਤਿੰਨ ਜ਼ਿਲ੍ਹਿਆਂ ’ਚ ਰਹਿ ਰਹੇ ਵਿਦਿਆਰਥੀਆਂ ਅਤੇ ਮਿਜ਼ੋਰਮ ਦੇ ਲੋਕਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕਚਾਰ ਗਾਰਡੀਅਨ ਮੰਤਰੀ ਅਸ਼ੋਕ ਸਿੰਘਲ ਅਤੇ ਵਾਤਾਵਰਣ ਤੇ ਜੰਗਲਾਤ ਮੰਤਰੀ ਪਰਿਮਲ ਸੁਕਲਾਬੈਦਿਆ ਨੇ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ ਦਾ ਬੁੱਧਵਾਰ ਰਾਤ ਦੌਰਾ ਕਰਕੇ ਜ਼ਖ਼ਮੀ ਹੋਏ 35 ਪੁਲੀਸ ਕਰਮੀਆਂ ਅਤੇ ਦੋ ਆਮ ਨਾਗਰਿਕਾਂ ਨੂੰ ਇਕ-ਇਕ ਲੱਖ ਰੁਪਏ ਦੇ ਚੈੱਕ ਸੌਂਪੇ। ਅਸਾਮ ਅਤੇ ਮਿਜ਼ੋਰਮ ਦੇ ਪੁਲੀਸ ਬਲਾਂ ਵਿਚਕਾਰ ਹੋਈ ਝੜਪ ਦੌਰਾਨ ਪੰਜ ਪੁਲੀਸ ਕਰਮੀ ਅਤੇ ਇਕ ਆਮ ਨਾਗਰਿਕ ਹਲਾਕ ਹੋ ਗਏ ਸਨ ਜਦਕਿ 50 ਹੋਰ ਜ਼ਖ਼ਮੀ ਹੋਏ ਸਨ। -ਪੀਟੀਆਈ