ਨਵੀਂ ਦਿੱਲੀ, 9 ਦਸੰਬਰ
ਬੀਜੇਡੀ ਦੀ ਸੰਸਦ ਮੈਂਬਰ ਪ੍ਰਮਿਲਾ ਬਿਸੋਈ (73) ਵੱਲੋਂ ਉੜੀਆ ’ਚ ਮਹਿਲਾਵਾਂ ਦੀ ਬੇਰੁਜ਼ਗਾਰੀ ਦਾ ਮੁੱਦਾ ਉਠਾਏ ਜਾਣ ਮਗਰੋਂ ਮਹਿਲਾ ਸੰਸਦ ਮੈਂਬਰਾਂ ਨੂੰ ਸਿਫ਼ਰ ਕਾਲ ਦੌਰਾਨ ਮੁੱਦੇ ਉਠਾਉਣ ਲਈ ਤਰਜੀਹ ਦੇਣ ’ਤੇ ਸਪੀਕਰ ਓਮ ਬਿਰਲਾ ਦੀ ਲੋਕ ਸਭਾ ਮੈਂਬਰਾਂ ਨੇ ਸ਼ਲਾਘਾ ਕੀਤੀ। ਪ੍ਰਮਿਲਾ ਬਿਸੋਈ ਨੇ ਕਿਹਾ ਕਿ ਕੋਵਿਡ-19 ਕਾਰਨ ਕਈ ਮਹਿਲਾਵਾਂ ਬੇਰੁਜ਼ਗਾਰ ਹੋ ਗਈਆਂ ਅਤੇ ਉਨ੍ਹਾਂ ਨੂੰ ਹੁਣ ਘਰਾਂ ਜਾਂ ਖੇਤਾਂ ’ਚ ਹੀ ਕੰਮ ਕਰਨਾ ਪੈ ਰਿਹਾ ਹੈ। ਸਿਫ਼ਰ ਕਾਲ ਦੌਰਾਨ ਉਠਾਏ ਗਏ ਇਸ ਮੁੱਦੇ ਮਗਰੋਂ ਬਿਰਲਾ ਨੇ ਕਿਹਾ ਕਿ ਇਹ ਦੇਸ਼ ਦੀ ਜਮਹੂਰੀਅਤ ਹੈ। ‘ਮੈਂ ਜਦੋਂ ਪ੍ਰਮਿਲਾ ਨੂੰ ਬੋਲਣ ਲਈ ਕਿਹਾ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਉੜੀਆ ਬੋਲਣਾ ਜਾਣਦੇ ਹਨ ਅਤੇ ਮੌਕਾ ਮਿਲਣ ’ਤੇ ਉਨ੍ਹਾਂ ਦੇ ਸਕੱਤਰੇਤ ਨੇ ਸਹਾਇਤਾ ਕੀਤੀ।’’ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਪੀਕਰ ਵੱਲੋਂ ਮਹਿਲਾ ਸੰਸਦ ਮੈਂਬਰ ਦੀ ਸਮਰੱਥਾ ਪਛਾਣਨ ’ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ੍ਰੀ ਬਿਰਲਾ ਨੇ ਸਿਫ਼ਰ ਕਾਲ ਦੌਰਾਨ ਸਾਰੀਆਂ ਮਹਿਲਾ ਮੈਂਬਰਾਂ ਨੂੰ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ ਕਿ ਮਹਿਲਾਵਾਂ ਲਈ 33 ਫ਼ੀਸਦ ਰਾਖਵੇਂਕਰਨ ਦਾ ਮਾਮਲਾ ਹੈ ਅਤੇ ਅੱਜ ਉਨ੍ਹਾਂ ਕੋਲ ਪੂਰਾ ਮੌਕਾ ਹੈ ਕਿ ਉਹ ਬੋਲ ਸਕਣ। -ਪੀਟੀਆਈ