ਮੁੰਬਈ, 19 ਅਕਤੂਬਰ
ਬਾਬਾ ਸਿੱਦੀਕੀ ਕਤਲ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਪੰਜ ਨਵੇਂ ਮੁਲਜ਼ਮਾਂ ਨੇ ਐੱਨਸੀਪੀ ਆਗੂ ਦੀ ਹੱਤਿਆ ਲਈ 50 ਲੱਖ ਰੁਪਏ ਮੰਗੇ ਸਨ ਪਰ ਅਦਾਇਗੀ ਕਾਰਨ ਵਿਵਾਦ ਤੇ ਸਿੱਦੀਕੀ ਦੇ ਅਸਰ ਰਸੂਖ ਨੂੰ ਦੇਖਦਿਆਂ ਉਨ੍ਹਾਂ ਹੱਥ ਪਿਛਾਂਹ ਖਿੱਚ ਲਏ ਸਨ। ਪੁਲੀਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਸ਼ੂਟਰਾਂ ਨੂੰ ਹਥਿਆਰ ਤੇ ਵਾਹਨ ਮੁਹੱਈਆ ਕੀਤੇ।
ਮੁਲਜ਼ਮਾਂ ਦੀ ਪਛਾਣ ਨਿਤਿਨ ਗੌਤਮ ਸਪਰੇ (32), ਸਾਂਬਾਜੀ ਕਿਸਾਨ ਪਾਰਧੀ(44), ਪ੍ਰਦੀਪ ਦੱਤੂ ਥੋਂਬਰੇ(37), ਚੇਤਨ ਦਿਲੀਪ ਪਾਰਧੀ ਤੇ ਰਾਮ ਫੂਲਚੰਦ ਕਨੌਜੀਆ (43) ਵਜੋਂ ਦੱਸੀ ਗਈ ਹੈ। ਇਨ੍ਹਾਂ ਵਿਚੋਂ ਸਪਰੇ ਡੋਂਬੀਵਲੀ ਜਦੋਂਕਿ ਪਾਰਧੀ, ਥੋਂਬਰੇ ਤੇ ਪਾਰਧੀ (27) ਠਾਣੇ ਜ਼ਿਲ੍ਹੇ ਦੇ ਅੰਬਰਨਾਥ ਦੇ ਵਸਨੀਕ ਹਨ। ਕਨੌਜੀਆ ਰਾਏਗੜ੍ਹ ਦੇ ਪਨਵੇਲ ਦਾ ਵਸਨੀਕ ਹੈ। ਅਧਿਕਾਰੀ ਨੇ ਕਿਹਾ, ‘‘ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਸਪਰੇ ਦੀ ਅਗਵਾਈ ਵਾਲੇ ਗਰੋਹ ਨੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਲਈ ਵਿਚੋਲੇ ਤੋਂ 50 ਲੱਖ ਰੁਪਏ ਮੰਗੇ ਸੀ ਪਰ ਗੱਲ ਨਹੀਂ ਬਣ। ਅਦਾਇਗੀ ਨੂੰ ਲੈ ਕੇ ਅਸਹਿਮਤੀ ਕਰਕੇ ਉਨ੍ਹਾਂ ਹੱਥ ਪਿਛਾਂਹ ਖਿੱਚ ਲਏ।’’ ਸਪਰੇ ਨੂੰ ਇਹ ਵੀ ਪਤਾ ਸੀ ਕਿ ਸਿੱਦੀਕੀ ਪ੍ਰਭਾਵਸ਼ਾਲੀ ਸਿਆਸਤਦਾਨ ਹੈ, ਉਸ ਨੂੰ ਮਾਰਨ ਨਾਲ ਉਸ ਦੇ ਗਰੋਹ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਲਿਹਾਜ਼ਾ ਉਨ੍ਹਾਂ ਇਹ ਕੰਮ ਨਾ ਕਰਨ ਦਾ ਫੈਸਲਾ ਕੀਤਾ। ਅਧਿਕਾਰੀ ਨੇ ਕਿਹਾ, ‘‘ਮੁਲਜ਼ਮਾਂ ਨੇ ਨਵੇਂ ਸ਼ੂਟਰਾਂ ਨੂੰ ਹਥਿਆਰ, ਵਾਹਨ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ।’’ ਤਫ਼ਤੀਸ਼ਕਾਰਾਂ ਨੇ ਕਿਹਾ ਕਿ ਸਪਰੇ ਦੀ ਅਗਵਾਈ ਵਾਲਾ ਗਰੋਹ ਸਾਜ਼ਿਸ਼ਕਾਰ ਸ਼ੁਭਮ ਲੋਨਕਰ ਤੇ ਮੁੱਖ ਸਾਜ਼ਿਸ਼ਘਾੜੇ ਮੁਹੰਮਦ ਜ਼ੀਸ਼ਾਨ ਅਖ਼ਤਰ ਦੇ ਸੰਪਰਕ ਵਿਚ ਸੀ। ਮੁੰਬਈ ਪੁਲੀਸ ਇਸ ਤੋਂ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਹਰਿਆਣਾ ਦਾ ਵਸਨੀਕ ਗੁਰਮੇਲ ਬਲਜੀਤ ਸਿੰਘ, ਯੂਪੀ ਦਾ ਧਰਮਰਾਜ ਰਾਜੇਸ਼ ਕਸ਼ਯਪ, ਹਰੀਸ਼ ਕੁਮਾਰ ਬਾਲਕਰਾਮ ਨਿਸਾਦ ਤੇ ਸ਼ੁਭਮ ਲੋਨਕਰ ਦਾ ਭਰਾ ਪ੍ਰਵੀਨ ਲੋਨਕਰ ਸ਼ਾਮਲ ਹਨ। -ਪੀਟੀਆਈ