ਮੁੰਬਈ, 4 ਜਨਵਰੀ
ਮੁੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਅੱਜ ਪਹਿਲੀ ਵਾਰ 48 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਭਾਰਤ ਵੱਲੋਂ ਕਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਈ ਹੈ। ਸ਼ੇਅਰ ਬਾਜ਼ਾਰ ਲਗਾਤਾਰ ਨੌਂ ਸੈਸ਼ਨਾਂ ’ਚ ਉੱਪਰ ਵੱਲ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਰੁਪਏ ਦੀ ਮਜ਼ਬੂਤੀ, ਆਲਮੀ ਬਾਜ਼ਾਰਾਂ ਵਿਚ ਸਕਾਰਾਤਮਕ ਮਾਹੌਲ ਤੇ ਅਰਥਚਾਰੇ ਦੇ ਉਤਸ਼ਾਹੀ ਅੰਕੜੇ ਜੋਖ਼ਮ ਉਠਾਉਣ ਲਈ ਹੌਸਲਾ ਵਧਾ ਰਹੇ ਹਨ। ਮੁੰਬਈ ਸ਼ੇਅਰ ਬਾਜ਼ਾਰ ਅੱਜ 308 ਅੰਕਾਂ ਦੀ ਚੜ੍ਹਤ ਨਾਲ 48,176.80 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 14,132.90 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਇਹ ਸੈਸ਼ਨ ਦੌਰਾਨ ਹੀ 14,147.95 ਤੱਕ ਵੀ ਗਿਆ। ਏਸ਼ੀਆ ਵਿਚ ਹੋਰਨਾਂ ਥਾਵਾਂ- ਸ਼ੰਘਾਈ, ਸਿਓਲ ਤੇ ਹਾਂਗਕਾਂਗ ਵਿਚ ਵੀ ਸ਼ੇਅਰ ਬਾਜ਼ਾਰ ਉੱਚੇ ਪੱਧਰਾਂ ’ਤੇ ਬੰਦ ਹੋਏ। -ਪੀਟੀਆਈ