ਮੁੰਬਈ, 24 ਜੂਨ
ਕਰੋਨਾਵਾਇਰਸ ਦੇ ਰਿਕਾਰਡ ਕੇਸਾਂ ਤੇ ਮੌਤਾਂ ਦਰਮਿਆਨ ਚਾਰ ਦਿਨਾਂ ਦੇ ਉਭਾਰ ਮਗਰੋਂ ਸ਼ੇਅਰ ਬਾਜ਼ਾਰ ਅੱਜ 561 ਨੁਕਤਿਆਂ ਦੇ ਨਿਘਾਰ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 561.45 ਨੁਕਤਿਆਂ ਦੇ ਨੁਕਸਾਨ ਨਾਲ 34,868.98 ਦੇ ਪੱਧਰ ’ਤੇ ਬੰਦ ਹੋਇਆ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੂੰ 165.70 ਨੁਕਤਿਆਂ ਦਾ ਨੁਕਸਾਨ ਝੱਲਣਾ ਪਿਆ ਤੇ ਦਿਨ ਦੇ ਕਾਰੋਬਾਰ ਮਗਰੋਂ ਸ਼ੇਅਰ ਬਾਜ਼ਾਰ 10,305.30 ’ਤੇ ਬੰਦ ਹੋਇਆ। ਇੰਡਸਇੰਡ ਬੈਂਕ ਦੇ ਸ਼ੇਅਰ 7.43 ਫੀਸਦ ਡਿੱਗ ਗਏ। ਜਿਨ੍ਹਾਂ ਹੋਰਨਾਂ ਕੰਪਨੀਆਂ ਨੂੰ ਅੱਜ ਘਾਟਾ ਪਿਆ, ਉਨ੍ਹਾਂ ਵਿੱਚ ਆਈਸੀਆਈਸੀਆਈ ਬੈਂਕ, ਪਾਵਰ ਗਰਿੱਡ, ਬਜਾਜ ਫਿਨਸਰਵ, ਐਕਸਿਸ ਬੈਂਕ ਤੇ ਐੱਸਬੀਆਈ ਸ਼ਾਮਲ ਹਨ। ਮੁਨਾਫ਼ਾ ਖੱਟਣ ਵਾਲੀਆਂ ਕੰਪਨੀਆਂ ’ਚ ਏਸ਼ੀਅਨ ਪੇਂਟਸ, ਆਈਟੀਸੀ, ਨੈਸਲੇ ਇੰਡੀਆ, ਟੈੱਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼ ਤੇ ਟੀਸੀਐੱਸ ਸ਼ਾਮਲ ਹਨ। ਇਨ੍ਹਾਂ ਦੇ ਸ਼ੇਅਰ 3.82 ਫੀਸਦ ਤਕ ਵਧੇ।