ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਹਵਾ ਦੀ ਗੁਣਵੱਤਾ ਸਬੰਧੀ ਪ੍ਰਬੰਧਨ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਨਾਸਾ ਦੇ ਧਰੁੱਵੀ ਚੱਕਰ ਉਪ ਗ੍ਰਹਿ ਦੀ ਥਾਂ ਭੂ-ਸਥਿਰ ਉਪ ਗ੍ਰਹਿ ਤੋਂ ਅੰਕੜੇ ਪ੍ਰਾਪਤ ਕਰਨ। ਇਸ ਤਰ੍ਹਾਂ, ਪੂਰੇ ਦਿਨ ਖੇਤਾਂ ਵਿੱਚ ਲੱਗੀ ਅੱਗ ਦੇ ਅੰਕੜੇ ਸੂਬਿਆਂ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ ਤਾਂ ਜੋ ਉਹ ਤੁਰੰਤ ਕਾਰਵਾਈ ਕਰ ਸਕਣ। ਜਸਟਿਸ ਅਭੈ ਐੱਸ ਓਕਾ ਤੇ ਜਸਟਿਸ ਔਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਇਸਰੋ, ਨਾਸਾ ਦੇ ਉਪ ਗ੍ਰਹਿ ਤੋਂ ਅੰਕੜੇ ਲੈ ਰਿਹਾ ਹੈ ਜੋ ਕਿ ਰੋਜ਼ਾਨਾ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਵਿਚਾਲੇ ਐੱਨਸੀਆਰ ਉੱਪਰੋਂ ਲੰਘਦੇ ਹਨ ਤੇ ਉਪ ਗ੍ਰਹਿ ਵੱਲੋਂ ਕੈਦ ਕੀਤੀਆਂ ਜਾਣ ਵਾਲੀਆਂ ਖੇਤਾਂ ’ਚ ਅੱਗ ਦੀਆਂ ਘਟਨਾਵਾਂ ਸਿਰਫ਼ ਸੀਮਿਤ ਸਮੇਂ ਲਈ ਹੁੰਦੀਆਂ ਹਨ। -ਪੀਟੀਆਈ