ਨਵੀਂ ਦਿੱਲੀ, 10 ਸਤੰਬਰ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਅਤੇ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ ਵਿਚਾਰ ਅਧੀਨ ਮਾਨਹਾਨੀ ਦੇ ਕੇਸ ਵਿਚ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੂੰ ਮਦਦ ਦੀ ਬੇਨਤੀ ਕੀਤੀ ਹੈ। ਸਿਖਰਲੀ ਅਦਾਲਤ ਨੇ ਨਵੰਬਰ 2009 ਵਿਚ ਭੂਸ਼ਣ ਅਤੇ ਤੇਜਪਾਲ ਨੂੰ ਸੁਪਰੀਮ ਕੋਰਟ ਦੇ ਤੱਤਕਾਲੀ ਸਾਬਕਾ ਜੱਜਾਂ ਉੱਤੇ ਦੋਸ਼ਾਂ ਬਾਰੇ ਨੋਟਿਸ ਜਾਰੀ ਕੀਤੇ ਸਨ। ਤੇਜਪਾਲ ਉਸ ਸਮੇਂ ਇਸ ਰਸਾਲੇ ਦਾ ਸੰਪਾਦਕ ਸੀ। ਇਹ ਮਾਮਲਾ ਜਸਟਿਸ ਏਐੱਮ ਖਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਅੱਗੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਲਈ ਆਇਆ। ਸ੍ਰੀ ਭੂਸ਼ਣ ਦੀ ਤਰਫੋਂ ਸੀਨੀਅਰ ਵਕੀਲ ਰਾਜੀਵ ਧਵਨ ਨੇ ਕਿਹਾ ਕਿ ਇਸ ਕੇਸ ਵਿੱਚ ਕਾਨੂੰਨ ਦੇ ਵੱਡੇ ਪ੍ਰਸ਼ਨਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਇਸ ਲਈ ਅਟਾਰਨੀ ਜਨਰਲ ਦੀ ਸਹਾਇਤਾ ਦੀ ਜ਼ਰੂਰਤ ਹੋਏਗੀ। ਅਦਾਲਤ ਨੇ ਕੇਸ ਦੀ ਸੁਣਵਾਈ 12 ਅਕਤੂਰ ਤੱਕ ਟਾਲ ਦਿੱਤੀ ਤੇ ਕੇਸ ਦਾ ਸਾਰਾ ਰਿਕਾਰਡ ਅਟਾਰਨੀ ਜਨਰਲ ਦਫ਼ਤਰ ਨੂੰ ਸੌਂਪਣ ਲਈ ਕਿਹਾ।