ਨਵੀਂ ਦਿੱਲੀ, 26 ਜੁਲਾਈ
ਸੁਪਰੀਮ ਕੋਰਟ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਗੁੱਟ ਦੀ ਅਪੀਲ ’ਤੇ ਚੋਣ ਕਮਿਸ਼ਨ ਦੀ ਕਾਰਵਾਈ ਖ਼ਿਲਾਫ਼ ਦਾਖ਼ਲ ਕੀਤੀ ਗਈ ਊਧਵ ਠਾਕਰੇ ਗੁੱਟ ਦੀ ਅਪੀਲ ’ਤੇ ਪਹਿਲੀ ਅਗਸਤ ਨੂੰ ਸੁਣਵਾਈ ਕਰਨ ਲਈ ਰਾਜ਼ੀ ਹੋ ਗਿਆ ਹੈ। ਸ੍ਰੀ ਸ਼ਿੰਦੇ ਦੀ ਅਗਵਾਈ ਵਾਲੇ ਗੁੱਟ ਨੇ ਖ਼ੁਦ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਹੈ।
ਚੀਫ਼ ਜਸਟਿਸ ਐੱਨ ਵੀ ਰਾਮੰਨਾ ਤੇ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਹਿਮਾ ਕੋਹਲੀ ਦੇ ਇੱਕ ਬੈਂਚ ਨੂੰ ਊਧਵ ਠਾਕਰੇ ਗੁੱਟ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਕਿਹਾ ਕਿ ਚੋਣ ਕਮਿਸ਼ਨ ਸਾਹਮਣੇ ਚੱਲ ਰਹੀ ਕਾਰਵਾਈ ’ਤੇ ਰੋਕ ਲਾਉਣ ਦੀ ਜ਼ਰੂਰਤ ਹੈ, ਕਿਉਂਕਿ ਇਸ ਨਾਲ ਇੱਥੇ ਸੁਣਵਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇੱਥੇ ਸਰਵਉੱਚ ਅਦਾਲਤ ਵਿੱਚ ਲੰਬਿਤ ਪਏ ਮਾਮਲਿਆਂ ਨੂੰ ਬੇਅਰਥ ਨਹੀਂ ਕੀਤਾ ਜਾਣਾ ਚਾਹੀਦਾ।
ਦੂਜੇ ਪਾਸੇ, ਸ਼ਿੰਦੇ ਗੁੱਟ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਐੱਨ ਕੇ ਕੌਲ ਨੇ ਕਿਹਾ,‘ਇਹ ਬਿਲਕੁਲ ਵੱਖੋ-ਵੱਖਰੇ ਮਾਮਲੇ ਹਨ। ਇੱਕ ਦਾ ਸਬੰਧ ਸਪੀਕਰ ਨਾਲ ਹੈ ਤੇ ਸਰਵਉੱਚ ਅਦਾਲਤ ਅਯੋਗਤਾ, ਸ਼ਕਤੀ ਪਰੀਖਣ ਆਦਿ ਜਿਹੇ ਸਾਰੇ ਮੁੱਦਿਆਂ ’ਤੇ ਸੁਣਵਾਈ ਕਰ ਰਹੀ ਹੈ। ਚੋਣ ਕਮਿਸ਼ਨ ਪਾਰਟੀ ਅੰਦਰ ਇਹ ਗੱਲ ਦੇਖ ਰਿਹਾ ਹੈ ਕਿ ਕੌਣ ਪਾਰਟੀ ਦੀ ਨੁਮਾਇੰਦਗੀ ਕਰਦਾ ਹੈ, ਉਸਦੇ ਚਿੰਨ੍ਹ ਤੇ ਅਯੋਗਤਾ ਦਾ ਇਸ ਨਾਲ ਕੋਈ ਲੈਣਾ -ਦੇਣਾ ਨਹੀਂ ਹੈ।’ ਬੈਂਚ ਨੇ ਪੁੱਛਿਆ ਕਿ ਚੋਣ ਕਮਿਸ਼ਨ ਦੇ ਸਾਹਮਣੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? ਸ੍ਰੀ ਕੌਲ ਨੇ ਕਿਹਾ,‘ਚੋਣ ਕਮਿਸ਼ਨ ਨੇ ਹੁਣ ਤੱਕ ਸਿਰਫ 8 ਅਗਸਤ ਲਈ ਨੋਟਿਸ ਜਾਰੀ ਕੀਤੇ ਹਨ।’ ਬੈਂਚ ਕਿਹਾ ਕਿ ਉਹ ਲੰਬਿਤ ਅਪੀਲਾਂ ਦੇ ਨਾਲ ਹੀ ਇਸ ਅਪੀਲ ’ਤੇ ਪਹਿਲੀ ਅਗਸਤ ਨੂੰ ਸੁਣਵਾਈ ਕਰੇਗਾ। -ਪੀਟੀਆਈ