ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 2 ਜੁਲਾਈ
ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਮਗਰੋਂ ਭਲਕੇ ਸੋਮਵਾਰ ਨੂੰ ਸੁਪਰੀਮ ਕੋਰਟ ਮੁੜ ਖੁੱਲ੍ਹ ਜਾਵੇਗੀ। ਇਸ ਦੌਰਾਨ ਕਈ ਅਹਿਮ ਕੇਸਾਂ ’ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਮਨੀਪੁਰ ਹਿੰਸਾ ’ਤੇ ਦਾਇਰ ਪਟੀਸ਼ਨਾਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਮਨੀਪੁਰ ਹਿੰਸਾ ਸਬੰਧੀ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ। ਇਨ੍ਹਾਂ ਵਿੱਚ ਇੱਕ ਗੈਰ-ਸਰਕਾਰੀ ਸੰਗਠਨ ਵੱਲੋਂ ਮਨੀਪੁਰ ਵਿੱਚ ਘੱਟ ਗਿਣਤੀ ਕੁੱਕੀ ਭਾਈਚਾਰੇ ਨੂੰ ਫ਼ੌਜ ਵੱਲੋਂ ਸੁਰੱਖਿਆ ਦੇਣ ਤੇ ਇਨ੍ਹਾਂ ’ਤੇ ਹਮਲਾ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਸਬੰਧੀ ਦਾਇਰ ਇੱਕ ਪਟੀਸ਼ਨ ਵੀ ਸ਼ਾਮਲ ਹੈ।
ਇਸ ਦੌਰਾਨ ਯੂਪੀ ਦੇ ਪ੍ਰਯਾਗਰਾਜ ’ਚ ਮਾਰੇ ਗਏ ਗੈਂਗਸਟਰ ਅਤੀਕ ਅਹਿਮਦ ਤੇ ਅਸ਼ਰਫ ਦੀ ਭੈਣ ਦੀ ਪਟੀਸ਼ਨ ਸਮੇਤ ਕਈ ਹੋਰ ਅਹਿਮ ਕੇਸਾਂ ’ਤੇ ਸੁਣਵਾਈ ਕੀਤੀ ਜਾਵੇਗੀ।