ਲਖਨਊ, 9 ਅਕਤੂਬਰ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਇੱਥੇ ਕਿਹਾ ਕਿ ਬਹੁਜਨ ਸਮਾਜ ਆਜ਼ਾਦੀ ਦੇ 75 ਸਾਲਾਂ ਵਿੱਚ ਆਪਣੇ ਕਾਨੂੰਨੀ ਅਤੇ ਸੰਵਿਧਾਨਿਕ ਹੱਕ ਮੰਗਦਿਆਂ-ਮੰਗਦਿਆਂ ਥੱਕ ਗਿਆ ਹੈ ਅਤੇ ਹੁਣ ਉਸ ਨੂੰ ਪੂਰੀ ਤਾਕਤ ਨਾਲ ‘ਹੁਕਮਰਾਨ ਸਮਾਜ’ ਬਣਨ ਲਈ ਮੁਹਿੰਮ ਵਿੱਢਣੀ ਪਵੇਗੀ। ਮਾਇਆਵਤੀ ਨੇ ਬਸਪਾ ਸੰਸਥਾਪਕ ਕਾਂਸ਼ੀਰਾਮ ਦੀ ਬਰਸੀ ’ਤੇ ਸਿਲਸਿਲੇਵਾਰ ਟਵੀਟ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਅਗਲੀਆਂ ਕੋਈ ਵੀ ਚੋਣਾਂ ਤੁਹਾਡੇ ਲਈ ਪ੍ਰੀਖਿਆ ਹੋ ਸਕਦੀਆਂ ਹਨ, ਜਿਸ ਵਿੱਚ ਸਫ਼ਲਤਾ ਉਮੀਦ ਦੀ ਨਵੀਂ ਕਿਰਨ ਸਾਬਤ ਹੋਵੇਗੀ।’’ ਮਾਇਆਵਤੀ ਨੇ ‘ਤਾਕਤ’ ਨੂੰ ਇੱਕ ‘ਪ੍ਰਮੁੱਖ ਕੁੰਜੀ’ ਕਿਹਾ, ਜੋ ਤਰੱਕੀ ਦੇ ਸਾਰੇ ਦਰਵਾਜ਼ੇ ਖੋਲ੍ਹਦੀ ਹੈ। ਉਨ੍ਹਾਂ ਕਿਹਾ, ‘‘ਇਸ ਲਈ ਹਰ ਹਾਲ ਵਿੱਚ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। ਇਹ ਅੱਜ ਦਾ ਸੰਦੇਸ਼ ਹੈ ਅਤੇ ਇਹ ਕੰਮ ਦ੍ਰਿੜ ਇਰਾਦੇ ਨਾਲ ਕਰਨਾ ਪਵੇਗਾ।’’ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਨੂੰ ਸਿਆਸੀ ਤਾਕਤ ਅਤੇ ਹੁਕਮਰਾਨ ਧਿਰ ਬਣਾਉਣ ਦਾ ਅਹਿਦ ਲੈਂਦਿਆਂ ਕਾਂਸ਼ੀਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ‘‘ਮੈਂ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਜੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦੀ ਹਾਂ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲੋਂ ਧੰਨਵਾਦ, ਜੋ ਉਨ੍ਹਾਂ ਨੂੰ ਸਤਿਕਾਰ ਦੇ ਰਹੇ ਹਨ।’’ ਮਾਇਆਵਤੀ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਦੇ ਪ੍ਰਚਾਰ ਲਈ ਡਟਣ ਦਾ ਸੱਦਾ ਦਿੱਤਾ। -ਪੀਟੀਆਈ