ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਪਰੈਲ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਟਿਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਲੰਘੀ ਰਾਤ ਕਰੀਬ 12 ਵਜੇ ਇਕ ਟਰਾਲੀ ਵਿੱਚ ਅੱਗ ਲੱਗ ਗਈ, ਜਿਸ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਮੌਜੂਦ ਕਿਸਾਨਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ।
ਇਸ ਘਟਨਾ ਵਿਚ ਇਕ ਕਿਸਾਨ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਇਲਾਜ ਲਈ ਜੇ.ਜੇ. ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਹੋਏ ਕਿਸਾਨ ਦੀ ਪਛਾਣ ਕ੍ਰਿਸ਼ਨ ਸਿੰਘ ਵਾਸੀ ਪਿੰਡ ਬਰਵਾਲੀ, ਜ਼ਿਲ੍ਹਾ ਸਿਰਸਾ (ਹਰਿਆਣਾ) ਵਜੋਂ ਹੋਈ ਹੈ। ਉਹ ਇਕੱਲਾ ਆਪਣੀ ਟਰਾਲੀ ਵਿੱਚ ਸੌਂ ਰਿਹਾ ਸੀ। ਇਸ ਦੌਰਾਨ ਅਚਾਨਕ ਟਰਾਲੀ ਵਿਚ ਅੱਗ ਲੱਗਣ ਕਾਰਨ ਉਸ ਦੀ ਪਿੱਠ ਬੁਰੀ ਤਰ੍ਹਾਂ ਝੁਲਸ ਗਈ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ ਕਿਸਾਨ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਇਸ ਘਟਨਾ ਦੌਰਾਨ ਕਿਰਤੀ ਕਿਸਾਨ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਰਕਰਾਂ ਜਗਮੀਤ ਸਿੰਘ ਕੋਟਲੀ, ਸੂਬਾ ਕੋਟਲੀ, ਭਰਪੂਰ ਸਿੰਘ, ਰਵੀ ਸਿੰਘ, ਧੀਰਾ ਬਰਾੜ, ਲੱਕੀ ਔਲਖ ਅਤੇ ਰਾਜੂ ਔਲਖ ਨੇ ਫੁਰਤੀ ਦਿਖਾਉਂਦਿਆਂ ਪਾਣੀ ਦੀ ਟੈਂਕੀ ਮੰਗਵਾ ਕੇ ਅੱਗ ’ਤੇ ਕਾਬੂ ਪਾ ਲਿਆ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਦੋ ਬੱਚਿਆਂ ਨਿਮਰਤ ਬਰਾੜ ਅਤੇ ਨਵੀ ਬਰਾੜ ਕੋਟਲੀ ਨੇ ਵੀ ਅੱਗ ਬੁਝਾਉਣ ’ਚ ਪੂਰਾ ਸਹਿਯੋਗ ਦਿੱਤਾ। ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ।