ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਦੀ ਟੈਸਟਿੰਗ ਏਜੰਸੀ ਨੇ ਯੂਜੀਸੀ ਨੈੱਟ (ਕੌਮੀ ਦਾਖ਼ਲਾ ਪ੍ਰੀਖਿਆ) ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਨੈੱਟ ਅਤੇ ਖੇਤੀ ਖੋਜ ਬਾਰੇ ਭਾਰਤੀ ਕੌਂਸਲ (ਆਈਸੀਏਆਰ) ਦੀਆਂ ਪ੍ਰੀਖਿਆ ਤਰੀਕਾਂ ਦੇ ਇਕੋ ਦਿਨ ਹੋਣ ਕਰਕੇ ਇਹ ਫੈਸਲਾ ਕੀਤਾ ਗਿਆ ਹੈ। ਨੈੱਟ ਪ੍ਰੀਖਿਆ ਪਹਿਲਾਂ 16 ਤੋਂ 25 ਸਤੰਬਰ ਤਕ ਲਈ ਜਾਣੀ ਸੀ, ਪਰ ਹੁਣ ਇਹ ਪ੍ਰੀਖਿਆ 24 ਸਤੰਬਰ ਤੋਂ ਲਈ ਜਾਵੇਗੀ। ਐੱਨਟੀਏ ਦੀ ਸੀਨੀਅਰ ਡਾਇਰੈਕਟਰ ਸਾਧਨਾ ਪ੍ਰਾਸ਼ਰ ਨੇ ਕਿਹਾ, ‘ਕੌਮੀ ਟੈਸਟਿੰਗ ਏਜੰਸੀ ਆਈਸੀਏਆਰ ਪ੍ਰੀਖਿਆ 16, 17, 22 ਤੇ 23 ਸਤੰਬਰ ਨੂੰ ਲਏਗੀ। ਲਿਹਾਜ਼ਾ ਹੁਣ ਯੂਜੀਸੀ-ਨੈੱਟ 2020 ਪ੍ਰੀਖਿਆ 24 ਸਤੰਬਰ ਤੋਂ ਹੋਵੇਗੀ।’ ਉਨ੍ਹਾਂ ਕਿਹਾ ਕਿ ਦੋਵਾਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਕੁਝ ਵਿਦਿਆਰਥੀਆਂ ਨੇ ਤਰੀਕ ਬਦਲੇ ਜਾਣ ਦੀ ਗੁਜ਼ਾਰਿਸ਼ ਕੀਤੀ ਸੀ।