ਨਵੀਂ ਦਿੱਲੀ, 22 ਜਨਵਰੀ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਜੇਲ੍ਹ ’ਚ ਕੈਦ ਪੱਤਰਕਾਰ ਸਿੱਦੀਕੀ ਕੱਪਨ ਅਤੇ ਕੇਰਲਾ ’ਚ ਰਹਿੰਦੀ ਉਸ ਦੀ ਮਾਂ ਵਿਚਾਲੇ ਵੀਡੀਓ ਕਾਨਫਰੰਸ ਕਰਵਾਉਣ ਦੀ ਸੰਭਾਵਨਾ ’ਤੇ ਵਿਚਾਰ ਕਰੇਗੀ। ਜ਼ਿਕਰਯੋਗ ਹੈ ਕਿ ਹਾਥਰਸ ਜਬਰ ਜਨਾਹ ਕਾਂਡ ਮਗਰੋਂ ਉੱਥੇ ਜਾ ਰਹੇ ਪੱਤਰਕਾਰ ਕੱਪਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਕੱਪਨ ਦੀ ਗ੍ਰਿਫ਼ਤਾਰੀ ’ਤੇ ਸਵਾਲ ਚੁੱਕਣ ਵਾਲੀ ‘ਕੇਰਲ ਯੂਨੀਅਨ ਆਫ਼ ਵਰਕਿੰਗ ਜਨਰਲਿਸਟ’ (ਕੇਯੂਡਬਲਯੂ) ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਦੌਰਾਨ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਇਸ ਦਲੀਲ ਕਿ ‘ਕੱਪਨ ਦੀ ਮਾਂ ਅਚੇਤ ਅਵਸਥਾ ਵਿੱਚ ਹੈ ਅਤੇ ਆਪਣੇ ਬੇਟੇ ਨੂੰ ਦੇਖਣਾ ਚਾਹੁੰਦੀ ਹੈ’ ਦਾ ਨੋਟਿਸ ਲੈਂਦਿਆਂ ਕਿਹਾ ਕਿ ‘ਅਸੀਂ ਮਨਜ਼ੂਰੀ ਦੇਵਾਂਗੇ।’ ਸੂਬਾ (ਉੱਤਰ ਪ੍ਰਦੇਸ਼) ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਉਹ ਵੀਡੀਓ ਕਾਨਫਰੰਸ ਕਰਵਾਉਣ ਦੀ ਮਨਜ਼ੂਰੀ ਦੇਣ ਦੀਆਂ ਸੰਭਾਵਨਾਵਾਂ ’ਤੇ ਗੌਰ ਕਰਨਗੇ।
-ਪੀਟੀਆਈ