ਨਵੀਂ ਦਿੱਲੀ, 1 ਅਗਸਤ
ਉਨਾਓ ਜਬਰ-ਜਨਾਹ ਕੇਸ ਦੀ ਪੀੜਤਾ ਨੇ ਦਿੱਲੀ ਦੀ ਅਦਾਲਤ ਵਿਚ ਪਹੁੰਚ ਕਰ ਕੇ ਦੋਸ਼ ਲਾਇਆ ਹੈ ਕਿ ਉਸ ਦੇ ਨਿੱਜੀ ਸੁਰੱਖਿਆ ਅਫ਼ਸਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਇਨ੍ਹਾਂ ਸੁਰੱਖਿਆ ਕਰਮੀਆਂ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਕੀਤੀ ਗਈ ਸੀ। ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਸੀਬੀਆਈ ਦੇ ਜਾਂਚ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਮੁਲਾਂਕਣ ਕਰ ਕੇ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਵਿਚ ਸਥਾਨਕ ਪੁਲੀਸ ਦੀ ਮਦਦ ਲਈ ਜਾ ਸਕਦੀ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਸੁਰੱਖਿਆ ਕਰਮੀ ਪ੍ਰੇਸ਼ਾਨ ਕਰ ਰਹੇ ਹਨ ਤੇ ਪੀੜਤਾ ਤੇ ਉਸ ਦੇ ਪਰਿਵਾਰ ਦੀ ਆਜ਼ਾਦੀ ਸੀਮਤ ਕੀਤੀ ਜਾ ਰਹੀ ਹੈ। ਜੱਜ ਨੇ ਨਾਲ ਹੀ ਕਿਹਾ ਕਿ ਪੁਲੀਸ ਵੱਲੋਂ ਵੀ ਇਕ ਪੱਤਰ ਮਿਲਿਆ ਹੈ ਜਿਸ ਵਿਚ ਸ਼ਿਕਾਇਤਕਰਤਾ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਉਤੇ ਦੋਸ਼ ਲਾਏ ਗਏ ਹਨ। ਭਾਜਪਾ ਵਿਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ 2017 ਵਿਚ ਉਦੋਂ ਇਸ ਮਹਿਲਾ ਨਾਲ ਜਬਰ-ਜਨਾਹ ਕੀਤਾ ਸੀ ਜਦ ਉਹ ਨਾਬਾਲਗ ਸੀ। ਕੇਸ ਯੂਪੀ ਤੋਂ ਦਿੱਲੀ ਟਰਾਂਸਫਰ ਕੀਤਾ ਗਿਆ ਸੀ ਤੇ ਸੀਬੀਆਈ ਵੱਲੋਂ ਜਾਂਚ ਕੀਤੀ ਗਈ ਸੀ। -ਪੀਟੀਆਈ