ਇੰਫਾਲ/ ਚੂਰਾਚਾਂਦਪੁਰ, 29 ਜੁਲਾਈ
ਮਨੀਪੁਰ ’ਚ ਚਾਰ ਮਈ ਨੂੰ ਜਿਨ੍ਹਾਂ ਦੋ ਔਰਤਾਂ ਦੀ ਨਗਨ ਪਰੇਡ ਕਰਵਾਈ ਗਈ ਸੀ, ਉਨ੍ਹਾਂ ਵਿਚੋਂ ਇਕ ਪੀੜਤਾ ਦੀ ਮਾਂ ਨੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪਤੀ ਤੇ ਪੁੱਤਰ ਦੀਆਂ ਦੇਹਾਂ ਦੇਖਣ ਲਈ ਉਸ ਦੀ ਮਦਦ ਕੀਤੀ ਜਾਵੇ। ਇਹ ਦੋਵੇਂ ਉਸ ਦਿਨ ਮਾਰੇ ਗਏ ਸਨ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਵਫ਼ਦ ਨੇ ਅੱਜ ਮਨੀਪੁਰ ਦੇ ਹਿੰਸਾਗ੍ਰਸਤ ਇਲਾਕੇ ਚੂਰਾਚਾਂਦਪੁਰ ਦਾ ਦੌਰਾ ਕਰਕੇ ਕੁਕੀ ਆਗੂਆਂ ਅਤੇ ਸਿਵਲ ਸਮਾਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਰਾਹਤ ਕੈਂਪਾਂ ’ਚ ਪੀੜਤਾਂ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ-ਦਰਦ ਵੰਡਾਇਆ। ਅੱਜ ਜਦੋਂ ਟੀਐਮਸੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਤੇ ਡੀਐਮਕੇ ਸੰਸਦ ਮੈਂਬਰ ਕਨੀਮੋੜੀ ਇਕ ਪੀੜਤਾ ਦੀ ਮਾਂ ਨੂੰ ਮਿਲੀਆਂ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਪਤੀ ਤੇ ਪੁੱਤਰ ਦੀ ਮ੍ਰਿਤਕ ਦੇਹ ਦੇਖਣਾ ਚਾਹੁੰਦੀ ਹੈ। ਉਸ ਨੇ ਨਾਲ ਹੀ ਦੋਵਾਂ ਆਗੂਆਂ ਨੂੰ ਦੱਸਿਆ ਕਿ ਸਥਿਤੀ ਅਜਿਹੀ ਹੈ ਕਿ ਹੁਣ ਮੈਤੇਈ ਤੇ ਕੁਕੀ ਭਾਈਚਾਰੇ ਇਕੱਠੇ ਨਹੀਂ ਰਹਿ ਸਕਦੇ। ਸੁਸ਼ਮਿਤਾ ਦੇਵ ਨੇ ਦੱਸਿਆ, ‘ਉਸ ਦੀ ਧੀ ਨਾਲ ਜਬਰ-ਜਨਾਹ ਹੋਇਆ ਹੈ, ਤੇ ਪਤੀ ਅਤੇ ਪੁੱਤਰ ਦੀ ਭੀੜ ਨੇ ਮਨੀਪੁਰ ਪੁਲੀਸ ਦੀ ਹਾਜ਼ਰੀ ਵਿਚ ਹੱਤਿਆ ਕੀਤੀ ਹੈ, ਪਰ ਹੁਣ ਤੱਕ ਇਕ ਵੀ ਪੁਲੀਸ ਅਧਿਕਾਰੀ ਮੁਅੱਤਲ ਨਹੀਂ ਹੋਇਆ। ਉਨ੍ਹਾਂ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਉਹ ਕਹਿ ਰਹੇ ਹਨ ਕਿ ਹਜ਼ਾਰ ਲੋਕਾਂ ਤੋਂ ਵੱਧ ਦੀ ਭੀੜ ਸੀ। ਉਨ੍ਹਾਂ ਖਾਸ ਤੌਰ ਉਤੇ ਇਕ ਮੰਗ ਰੱਖੀ ਹੈ, ਜਿਸ ਨੂੰ ਮੈਂ ਰਾਜਪਾਲ ਕੋਲ ਚੁੱਕਾਂਗੀ।’ ਟੀਐਮਸੀ ਆਗੂ ਨੇ ਕਿਹਾ ਕਿ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਪੁਲੀਸ ਦੇ ਸਾਹਮਣੇ ਵਧੀਕੀ ਹੋਈ ਪਰ ਮਦਦ ਤੇ ਬਚਾਅ ਲਈ ਕੁਝ ਨਹੀਂ ਕੀਤਾ ਗਿਆ। ਦੇਵ ਨੇ ਦਾਅਵਾ ਕੀਤਾ ਕਿ ਲੜਕੀ ਪੁਲੀਸ ਤੋਂ ਡਰੀ ਹੋਈ ਹੈ, ‘ਤੇ ਜੇ ਪੀੜਤਾ ਨੂੰ ਹੁਣ ਪੁਲੀਸ ਉਤੇ ਭਰੋਸਾ ਹੀ ਨਹੀਂ ਰਿਹਾ ਤਾਂ ਇਹ ਇਕ ਸੰਵਿਧਾਨਕ ਸੰਕਟ ਹੈ।’ ਕਨੀਮੋੜੀ ਨੇ ਕਿਹਾ ਕਿ ਪੀੜਤਾ ਦਾ ਪਿਤਾ ਭਾਰਤੀ ਸੈਨਾ ਵਿਚ ਸੇਵਾਵਾਂ ਦੇ ਚੁੱਕਾ ਸੀ ਤੇ ਮੁਲਕ ਦੀ ਰਾਖੀ ਕੀਤੀ, ਪਰ ਆਪਣੇ ਪਰਿਵਾਰ ਨੂੰ ਨਹੀਂ ਬਚਾ ਸਕਿਆ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇਕ ਔਰਤ, ਜਿਸ ਦੀ ਧੀ ਨਾਲ ਜਬਰ-ਜਨਾਹ ਹੋਇਆ, ਉਸ ਦਾ ਪਤੀ ਤੇ ਪੁੱਤਰ ਵੀ ਉਸੇ ਦਿਨ ਖ਼ਤਮ ਹੋ ਗਏ, ਤੇ ਉਸ ਨੂੰ ਇਨਸਾਫ਼ ਨਹੀਂ ਮਿਲਿਆ।’
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਥੇ ਕਿਹਾ ਕਿ ਮਨੀਪੁਰ ’ਚ ਜਾਤੀਗਤ ਹਿੰਸਾ ਨਾਲ ਭਾਰਤ ਦੀ ਦਿੱਖ ਨੂੰ ਢਾਹ ਲੱਗ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਇਸ ਦੇ ਖ਼ਾਤਮੇ ਲਈ ਸ਼ਾਂਤਮਈ ਹੱਲ ਲੱਭਣਾ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਦਾ ਇਕ ਵਫ਼ਦ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਇੰਫਾਲ ਪੁੱਜਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਮਨੀਪੁਰ ਦੇ ਹਾਲਾਤ ਵੱਲ ਦੇਖ ਰਹੀ ਹੈ ਅਤੇ ਹਿੰਸਾ ਖ਼ਤਮ ਕਰਕੇ ਫੌਰੀ ਸ਼ਾਂਤੀ ਬਹਾਲ ਕੀਤੀ ਜਾਣੀ ਚਾਹੀਦੀ ਹੈ। ‘ਜਾਤੀਗਤ ਝੜਪਾਂ ਨੇ ਮਨੀਪੁਰ, ਉੱਤਰ-ਪੂਰਬੀ ਖ਼ਿੱਤੇ ਖਾਸ ਕਰਕੇ ਭਾਰਤ ਦੀ ਦਿਖ ਨੂੰ ਢਾਹ ਲਾਈ ਹੈ। ਅਸੀਂ ਇਥੇ ਸਿਆਸਤ ਲਈ ਨਹੀਂ ਸਗੋਂ ਸ਼ਾਂਤਮਈ ਹੱਲ ਲੱਭਣ ਲਈ ਆਏ ਹਾਂ।’ ਇਕ ਰਾਹਤ ਕੈਂਪ ਦਾ ਦੌਰਾ ਕਰਨ ਮਗਰੋਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ,‘‘ਸਰਕਾਰ ਸੀਬੀਆਈ ਤੋਂ ਜਾਂਚ ਕਰਾਉਣ ਦੀ ਗੱਲ ਆਖ ਰਹੀ ਹੈ। ਮੈਂ ਜਵਾਬ ਚਾਹੁੰਦਾ ਹਾਂ ਕਿ ਕੀ ਕੇਂਦਰ ਸਰਕਾਰ ਹੁਣ ਤੱਕ ਸੁੱਤੀ ਪਈ ਸੀ?’’ ਟੀਐੱਮਸੀ ਆਗੂ ਸੁਸ਼ਮਿਤਾ ਦੇਵ ਨੇ ਕਿਹਾ ਕਿ ਵਫ਼ਦ ਦੋਵੇਂ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਅਤੇ ਅਸੀਂ ਕੁਕੀ ਤੇ ਮੈਤੇਈ ਭਾਈਚਾਰਿਆਂ ਨਾਲ ਗੱਲ ਕਰਾਂਗੇ। ਵਿਰੋਧੀ ਧਿਰਾਂ ਦਾ ਵਫ਼ਦ ਦੋ ਟੀਮਾਂ ’ਚ ਵੰਡ ਕੇ ਚੂਰਾਚਾਂਦਪੁਰ ਪਹੁੰਚਿਆ। ਇਕ ਸੁਰੱਖਿਆ ਅਧਿਕਾਰੀ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਵਫ਼ਦ ਦੇ ਇਥੇ ਪੁੱਜਣ ਮਗਰੋਂ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਦੋ ਹਿੱਸਿਆਂ ’ਚ ਵੰਡ ਕੇ ਚੂਰਾਚਾਂਦਪੁਰ ਲਿਜਾਇਆ ਗਿਆ। ਇਕ ਹੈਲੀਕਾਪਟਰ ਹੋਣ ਕਰਕੇ ਵਫ਼ਦ ਨੂੰ ਦੋ ਟੀਮਾਂ ’ਚ ਵੰਡ ਕੇ ਵਾਰੀ ਵਾਰੀ ਸਿਰ ਉਥੇ ਪਹੁੰਚਾਇਆ ਗਿਆ। ਚੌਧਰੀ ਦੀ ਅਗਵਾਈ ਹੇਠਲੀ ਟੀਮ ਨੇ ਚੂਰਾਚਾਂਦਪੁਰ ਕਾਲਜ ਦੇ ਲੜਕਿਆਂ ਦੇ ਹੋਸਟਲ ’ਚ ਬਣਾਏ ਗਏ ਰਾਹਤ ਕੈਂਪ ਦਾ ਦੌਰਾ ਕੀਤਾ।
ਕਾਂਗਰਸ ਦੇ ਲੋਕ ਸਭਾ ’ਚ ਉਪ ਨੇਤਾ ਗੌਰਵ ਗੋਗੋਈ ’ਤੇ ਆਧਾਰਿਤ ਦੂਜੀ ਟੀਮ ਨੇ ਡਾਨ ਬੋਸਕੋ ਸਕੂਲ ’ਚ ਬਣਾਏ ਗਏ ਰਾਹਤ ਕੈਂਪ ’ਚ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ। ਗੋਗੋਈ ਨੇ ਕਿਹਾ ਕਿ ਉਹ ਸ਼ਾਂਤੀ ਦਾ ਸੁਨੇਹਾ ਫੈਲਾਉਣ ਲਈ ਇਥੇ ਆਏ ਹਨ। ਇੰਫਾਲ ਪਰਤਣ ਮਗਰੋਂ ਚੌਧਰੀ ਦੀ ਅਗਵਾਈ ਹੇਠਲੀ ਟੀਮ ਬਿਸ਼ਨੂਪੁਰ ਜ਼ਿਲ੍ਹੇ ’ਚ ਮੋਇਰਾਂਗ ਕਾਲਜ ਦੇ ਰਾਹਤ ਕੈਂਪ ’ਚ ਮੈਤੇਈ ਭਾਈਚਾਰੇ ਦੇ ਪੀੜਤਾਂ ਨਾਲ ਮੁਲਾਕਾਤ ਕਰੇਗੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਇਕ ਟੀਮ ਇੰਫਾਲ ਈਸਟ ਜ਼ਿਲ੍ਹੇ ਦੇ ਅਕੰਮਪਟ ’ਚ ਆਇਡੀਅਲ ਗਰਲਜ਼ ਕਾਲਜ ਅਤੇ ਦੂਜੀ ਟੀਮ ਇੰਫਾਲ ਵੈਸਟ ਦੇ ਲਾਂਬੋਇਕਖੋਂਗਅੰਗਖੋਂਗ ’ਚ ਬਣੇ ਰਾਹਤ ਕੈਂਪਾਂ ਦਾ ਦੌਰਾ ਕਰੇਗੀ। ਭਲਕੇ ਐਤਵਾਰ ਸਵੇਰੇ ਵਫ਼ਦ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨਾਲ ਰਾਜ ਭਵਨ ’ਚ ਮੁਲਾਕਾਤ ਕਰਕੇ ਸੂਬੇ ਦੇ ਹਾਲਾਤ ਅਤੇ ਸ਼ਾਂਤੀ ਬਹਾਲੀ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਹਾਸਲ ਕਰੇਗਾ। ਵਫ਼ਦ ਦੇ ਦੁਪਹਿਰ ਬਾਅਦ ਕੌਮੀ ਰਾਜਧਾਨੀ ਦਿੱਲੀ ਪਰਤਣ ਦੀ ਸੰਭਾਵਨਾ ਹੈ। ਵਫ਼ਦ ’ਚ ਜੇਐੱਮਐੱਮ ਦੀ ਮਹੂਆ ਮਾਜੀ, ਡੀਐੱਮਕੇ ਦੀ ਕਨੀਮੋਝੀ, ਆਰਐੱਲਡੀ ਦੇ ਜੈਯੰਤ ਚੌਧਰੀ, ਆਰਜੇਡੀ ਦੇ ਮਨੋਜ ਕੁਮਾਰ ਝਾਅ, ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ, ਜਨਤਾ ਦਲ (ਯੂ) ਮੁਖੀ ਰਾਜੀਵ ਰੰਜਨ ਸਿੰਘ, ਅਨਿਲ ਪ੍ਰਸਾਦ ਹੇਗੜੇ, ਸੀਪੀਆਈ ਦੇ ਪੀ ਸੰਦੋਸ਼ ਕੁਮਾਰ ਅਤੇ ਸੀਪੀਐੱਮ ਦੇ ਏ ਏ ਰਹੀਮ ਆਦਿ ਸ਼ਾਮਲ ਹਨ। ਭਾਜਪਾ ਵੱਲੋਂ ਮਨੀਪੁਰ ਮੁੱਦੇ ਦੇ ਸਿਆਸੀਕਰਨ ਦਾ ਦੋਸ਼ ਲਾਏ ਜਾਣ ਬਾਰੇ ਗੋਗੋਈ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੇ ਸਰਬ ਪਾਰਟੀ ਵਫ਼ਦ ਦਾ ਹਿੱਸਾ ਬਣ ਕੇ ਖੁਸ਼ ਹੁੰਦੇ ਪਰ ਉਹ ਤਾਂ ਮਨੀਪੁਰ ਬਾਰੇ ਕੁਝ ਵੀ ਨਹੀਂ ਬੋਲ ਰਹੇ ਹਨ।
‘ਐੱਨਡੀਏ ਪੂਰੀ ਤਰ੍ਹਾਂ ਦ੍ਰਿਸ਼ ਤੋਂ ਗਾਇਬ ਹੈ ਪਰ ਇੰਡੀਆ ਮੌਜੂਦ ਹੈ। ਇੰਡੀਆ ਮਨੀਪੁਰ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਅਸੀਂ ਸੂਬੇ ’ਚ ਸ਼ਾਂਤੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’ ਕੇਰਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਮਨੀਪੁਰ ਸਰਕਾਰਾਂ ਹਾਲਾਤ ਨਾਲ ਸਿੱਝਣ ’ਚ ਬੁਰੀ ਤਰ੍ਹਾਂ ਨਾਕਾਮ ਰਹੀਆਂ। ਉਨ੍ਹਾਂ ਕਿਹਾ ਕਿ ਇਥੋਂ ਦੇ ਹਾਲਾਤ ਦੀ ਸਾਰੀ ਜਾਣਕਾਰੀ ਇਕੱਠੀ ਕਰਕੇ ਉਹ ਸੰਸਦ ’ਚ ਕੇਂਦਰ ਦਾ ਧਿਆਨ ਇਨ੍ਹਾਂ ਮੁੱਦਿਆਂ ਵੱਲ ਦਿਵਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਲੋਕਾਂ ਨੂੰ ਜਾਤ, ਧਰਮ ਅਤੇ ਭਾਸ਼ਾ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਉਹ ਇਕ ਫਿਰਕੇ ਦੀ ਹਮਾਇਤ ਕਰ ਰਹੀ ਹੈ। ਮਨੀਪੁਰ ਰਵਾਨਾ ਹੋਣ ਤੋਂ ਪਹਿਲਾਂ ਗੋਗੋਈ ਨੇ ਦਿੱਲੀ ’ਚ ਕਿਹਾ ਕਿ ਮਨੀਪੁਰ ਹਿੰਸਾ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇ। ਆਰਜੇਡੀ ਦੇ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਖੂਬਸੂਰਤ ਸੂਬੇ ਦੇ ਲੋਕ ਪਿਛਲੇ ਤਿੰਨ ਮਹੀਨਿਆਂ ਤੋਂ ਤਕਲੀਫ਼ ’ਚ ਹਨ ਪਰ ਸਰਕਾਰ ਉਨ੍ਹਾਂ ਲਈ ਨਹੀਂ ਬਹੁੜੀ। ਡੀਐੱਮਕੇ ਦੀ ਕਨੀਮੋਝੀ ਨੇ ਕਿਹਾ ਕਿ ਕੇਂਦਰ ਸਰਕਾਰ ਮਨੀਪੁਰ ਦੇ ਲੋਕਾਂ ਦੀ ਬਾਂਹ ਫੜਨ ’ਚ ਨਾਕਾਮ ਰਹੀ। ‘ਅਸੀਂ ਭਲਕੇ ਰਾਜਪਾਲ ਨੂੰ ਮਿਲ ਕੇ ਰਾਹਤ ਕੈਂਪਾਂ ਤੋਂ ਮਿਲੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਾਂਗੇ। ਇਸ ਮਗਰੋਂ ਦਿੱਲੀ ’ਚ ਜਾ ਕੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ।’ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸੰਸਦ ’ਚ ਮਨੀਪੁਰ ਦੇ ਮੁੱਦੇ ’ਤੇ ਬਿਲਕੁਲ ਖਾਮੋਸ਼ ਹਨ। -ਪੀਟੀਆਈ
ਮਨੀਪੁਰਵਿੱਚ ਹਿੰਸਕ ਘਟਨਾਵਾਂ ਸਾਰਿਆਂ ਲਈ ਦੁਖਦਾਈ: ਬਿਰਲਾ
ਸ਼ਿਲੋਂਗ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਨੀਪੁਰ ’ਚ ਸ਼ਾਂਤੀ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ’ਚ 3 ਮਈ ਤੋਂ ਬਾਅਦ ਹੋਈ ਹਿੰਸਾ ਦੀਆਂ ਘਟਨਾਵਾਂ ਦਰਦਨਾਕ ਹਨ। ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਅਤੇ ਖ਼ਿੱਤੇ ’ਚ ਸਿਰਫ਼ ਸ਼ਾਂਤੀ ਨਾਲ ਹੀ ਖੁਸ਼ਹਾਲੀ ਆ ਸਕਦੀ ਹੈ। ਮਨੀਪੁਰ ’ਚ ਹਿੰਸਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ,‘‘ਮੇਰੇ ਦਿਲ ’ਚ ਹਮੇਸ਼ਾ ਦਰਦ ਹੁੰਦਾ ਹੈ। ਸੂਬੇ ’ਚ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਹਨ, ਉਹ ਮੰਦਭਾਗੀਆਂ ਹਨ ਜੋ ਸਾਰਿਆਂ ਨੂੰ ਦਰਦ ਦਿੰਦੀਆਂ ਹਨ।’’ ਉਨ੍ਹਾਂ ਕਿਹਾ ਕਿ ਸ਼ਾਂਤੀ ਬਹਾਲੀ ਦੀਆਂ ਸਾਰੀਆਂ ਨੂੰ ਰਲ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। -ਪੀਟੀਆਈ
ਸੀਬੀਆਈ ਨੇ ਜਾਂਚ ਆਪਣੇ ਹੱਥਾਂਵਿੱਚ ਲਈ
ਨਵੀਂ ਦਿੱਲੀ: ਮਨੀਪੁਰ ’ਚ ਭੀੜ ਵੱਲੋਂ ਦੋ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਕੇਸ ਸੀਬੀਆਈ ਹਵਾਲੇ ਕੀਤਾ ਸੀ। ਸੀਬੀਆਈ ਵੱਲੋਂ ਮਨੀਪੁਰ ਹਿੰਸਾ ਨਾਲ ਸਬੰਧਤ ਛੇ ਕੇਸਾਂ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਨੀਪੁਰ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਦੇ ਸਬੰਧ ’ਚ ਆਪਣੀ ਪ੍ਰਕਿਰਿਆ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਜਾਂਚ ਏਜੰਸੀ ਉੱਤਰ-ਪੂਰਬੀ ਸੂਬੇ ’ਚ ਡੀਆਈਜੀ ਰੈਂਕ ਦੇ ਇਕ ਅਧਿਕਾਰੀ ਹੇਠ ਆਪਣੀ ਵਿਸ਼ੇਸ਼ ਜਾਂਚ ਟੀਮ (ਸਿਟ) ਪਹਿਲਾਂ ਹੀ ਉਥੇ ਤਾਇਨਾਤ ਕਰ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਤੋਂ ਇਲਾਵਾ ਕੁਝ ਹੋਰ ਮਹਿਲਾ ਅਫ਼ਸਰਾਂ ਨੂੰ ਉਥੇ ਭੇਜੇਗੀ। ਇਨਡਿਜਨਸ ਟ੍ਰਾਈਬਲ ਲੀਡਰਜ਼ ਫੋਰਮ ਦੇ ਪ੍ਰਸਤਾਵਿਤ ਮਾਰਚ ਤੋਂ ਇਕ ਦਿਨ ਪਹਿਲਾਂ 19 ਜੁਲਾਈ ਨੂੰ ਇਹ ਵੀਡੀਓ ਸਾਹਮਣੇ ਆਇਆ ਸੀ। -ਪੀਟੀਆਈ
ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਨਫ਼ਰਤ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ: ਰਾਜਪਾਲ
ਚੂਰਾਚਾਂਦਪੁਰ: ਮਨੀਪੁਰ ਦੀ ਰਾਜਪਾਲ ਅਨੂਸੂਈਆ ਉਈਕੇ ਨੇ ਕਿਹਾ ਹੈ ਕਿ ਉਹ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਵਿਗੜੇ ਸਬੰਧਾਂ ਅਤੇ ਨਫ਼ਰਤ ਦੇ ਪੈਦਾ ਹੋਏ ਮਾਹੌਲ ਨੂੰ ਸ਼ਾਂਤ ਕਰਨ ਲਈ ਕੰਮ ਕਰ ਰਹੇ ਹਨ। ਚੂਰਾਚਾਂਦਪੁਰ ਜ਼ਿਲ੍ਹੇ ਦੇ ਇਕ ਰਾਹਤ ਕੈਂਪ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸੂਬੇ ’ਚ ਸ਼ਾਂਤੀ ਬਹਾਲੀ ਲਈ ਸਹਿਯੋਗ ਮੰਗ ਰਹੇ ਹਨ। ਰਾਜਪਾਲ ਨੇ ਲੋਕਾਂ ਖਾਸ ਕਰਕੇ ਆਗੂਆਂ ਨੂੰ ਸਿਆਸਤ ਤੋਂ ਉਪਰ ਉੱਠ ਕੇ ਮਨੀਪੁਰ ’ਚ ਸ਼ਾਂਤੀ ਸਥਾਪਤ ਕਰਨ ਦੇ ਯਤਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ,‘‘ਮੈਂ ਦੂਜੀ ਵਾਰ ਇਥੇ ਆਈ ਹਾਂ ਤਾਂ ਜੋ ਭੈਣਾਂ ਅਤੇ ਭਰਾਵਾਂ ਦਾ ਦੁੱਖ ਵੰਡਾਇਆ ਜਾ ਸਕੇ। ਕਰੀਬ ਤਿੰਨ ਮਹੀਨੇ ਹੋ ਚੁੱਕੇ ਹਨ ਜਦੋਂ ਤੋਂ ਉਹ ਆਪਣੇ ਘਰਾਂ ਤੋਂ ਬਾਹਰ ਹਨ। ਬਹੁਤੇ ਲੋਕਾਂ ਦੇ ਘਰ ਅਤੇ ਸਾਮਾਨ ਅੱਗਜ਼ਨੀ ’ਚ ਸੜ ਚੁੱਕੇ ਹਨ ਅਤੇ ਹੁਣ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਹੈ। ਮੈਂ ਇਥੇ ਸਿਰਫ਼ ਇਹ ਦੇਖਣ ਲਈ ਆਈ ਹਾਂ ਕਿ ਕੈਂਪਾਂ ’ਚ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।’’ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਾਂ ਲਈ ਕੱਪੜਿਆਂ ਤੋਂ ਲੈ ਕੇ ਮੱਛਰ ਮਾਰਨ ਤੱਕ ਦੇ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਮਿਜ਼ੋਰਮ ਨੇ ਪੀੜਤਾਂ ਦੀ ਸਹਾਇਤਾ ਲਈ ਹੱਥ ਅੱਗੇ ਵਧਾਇਆ ਹੈ ਅਤੇ ਕਈ ਜ਼ਰੂਰੀ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। -ਪੀਟੀਆਈ