ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਮਈ
ਦਿੱਲੀ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ’ਚ ਪੰਜਾਬ ਪੁਲੀਸ ਦੇ ਮੁਲਾਜ਼ਮ ਬੱਗਾ ਦੇ ਘਰ ਦੇ ਅੰਦਰ ਨਜ਼ਰ ਆ ਰਹੇ ਹਨ ਜਦੋਂ ਕਿ ਉਨ੍ਹਾਂ ’ਚੋਂ ਇਕ ਵਿਅਕਤੀ ਉਸ ਦਾ ਹੱਥ ਫੜ ਕੇ ਭਗਵਾ ਪਾਰਟੀ ਦੇ ਨੇਤਾ ਨੂੰ ਨਾਲ ਆਉਣ ਲਈ ਕਹਿ ਰਿਹਾ ਹੈ। ਵੀਡੀਓ ਫੁਟੇਜ ਵਿੱਚ ਇੱਕ ਪੁਲੀਸ ਕਰਮਚਾਰੀ ਪਾਣੀ ਦੇ ਗਲਾਸ ਨਾਲ ਵੀ ਦਿਖ ਰਿਹਾ ਹੈ। ਪੰਜਾਬ ਪੁਲੀਸ ਦੇ ਕੁਝ ਅਧਿਕਾਰੀ ਵਰਦੀ ਵਿੱਚ ਅਤੇ ਕੁਝ ਬਿਨਾਂ ਵਰਦੀ ਦੇ ਬੱਗਾ ਦੇ ਦਿੱਲੀ ਦੇ ਜਨਕਪੁਰੀ ਸਥਿਤ ਘਰ ਅੰਦਰ ਸਵੇਰੇ 8 ਵਜੇ ਦੇ ਕਰੀਬ ਦੇਖੇ ਗਏ। ਵੀਡੀਓ ਵਿੱਚ ਇੱਕ ਔਰਤ ਵੀ ਦਿਖਾਈ ਦੇ ਰਹੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਪੁਲੀਸ ਟੀਮ ਦਾ ਹਿੱਸਾ ਸੀ ਜਾਂ ਨਹੀਂ। ਬੱਗਾ ਨੇ ਹਰੀਨਗਰ ਤੋਂ 2020 ’ਚ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਰਾਜ ਕੁਮਾਰੀ ਢਿੱਲੋਂ ਤੋਂ ਹਾਰ ਗਿਆ ਸੀ।
ਪੰਜਾਬ ਪੁਲੀਸ ਨੇ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ: ਆਤਿਸ਼ੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਭਾਜਪਾ, ਦਿੱਲੀ ਅਤੇ ਹਰਿਆਣਾ ਪੁਲੀਸ ਨੇ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਬਚਾਉਣ ਲਈ ਜੋ ਕੀਤਾ ਹੈ, ਉਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਜਪਾ ਦੰਗਾਕਾਰੀਆਂ ਦੀ ਪਾਰਟੀ ਹੈ ਅਤੇ ਉਹ ਦੰਗਾਕਾਰੀਆਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਆਤਿਸ਼ੀ ਨੇ ਕਿਹਾ, ‘ਇਹ ਉਹੀ ਤਜਿੰਦਰ ਬੱਗਾ ਹੈ, ਜਿਸ ਨੇ ਸੁਪਰੀਮ ਕੋਰਟ ਕੰਪਲੈਕਸ ’ਚ ਦਾਖ਼ਲ ਹੋਏ ਵਿਅਕਤੀ ’ਤੇ ਹਮਲਾ ਕੀਤਾ ਸੀ। ਇਹ ਉਹੀ ਤਜਿੰਦਰ ਬੱਗਾ ਹੈ, ਜਿਸ ਨੇ ਕਿਤਾਬ ਲਾਂਚ ਕਰਨ ਦੇ ਸਮਾਗਮ ’ਚ ਇਕ ਲੇਖਕ ’ਤੇ ਹਮਲਾ ਕੀਤਾ ਸੀ।’ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਸੀ। ਦਿੱਲੀ ਪੁਲੀਸ ਵੱਲੋਂ ਬੱਗਾ ਨੂੰ ਅਗ਼ਵਾ ਕਰਨ ਦਾ ਮਾਮਲਾ ਦਰਜ ਕਰਨ ਬਾਰੇ ਆਤਿਸ਼ੀ ਨੇ ਕਿਹਾ ਕਿ ਜੇਕਰ ਉਹ ਬੱਗਾ ਨੂੰ ਦਿੱਲੀ ਵਾਪਸ ਲੈ ਕੇ ਆਈ ਹੈ ਤਾਂ ਆਪਣੇ ਨਾਲ ਪੰਜਾਬ ਪੁਲੀਸ ਦੀ ਟੀਮ ਨੂੰ ਕਿਉਂ ਨਹੀਂ ਲਿਆਂਦਾ।
‘ਭਗਵੰਤ ਮਾਨ ਪੰਜਾਬ ਦੇ ਹਿੱਤਾਂ ਵੱਲ ਧਿਆਨ ਦੇਣ’
ਤੇਜਿੰਦਰਪਾਲ ਸਿੰਘ ਬੱਗਾ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲੀਸ ਦੀ ਟੀਮ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਬੱਗਾ ਦੀ ਮਾਂ ਕਮਲਜੀਤ ਕੌਰ, ਜੋ ਘਟਨਾ ਸਮੇਂ ਮੌਕੇ ’ਤੇ ਮੌਜੂਦ ਨਹੀਂ ਸੀ, ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੇ ਮਾਰਿਆ ਹੈ। ਬੱਗਾ ਦੀ ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਹਿੱਤਾਂ ਵੱਲ ਧਿਆਨ ਦੇਣ ਲਈ ਕਿਹਾ ਹੈ। ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਬਦਲਾਖੋਰੀ ਦੀ ਸਿਆਸਤ ਵਿੱਚ ਸ਼ਾਮਲ ਨਾ ਹੋਣ ਅਤੇ ਦਿੱਲੀ ਵਾਸੀਆਂ ਦੀ ਭਲਾਈ ਵੱਲ ਧਿਆਨ ਦੇਣ।