ਨਵਕਿਰਨ ਸਿੰਘ
ਮਹਿਲ ਕਲਾਂ, 10 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੇ ਜਿੱਥੇ ਪੰਜਾਬ ਦੇ ਹਰ ਤਬਕੇ ਨੂੰ ਆਪਣੇ ਵੱਲ ਖਿੱਚਿਆ ਹੈ, ਉੱਥੇ ਹੀ ਇਸ ਸੰਘਰਸ਼ ਵਿੱਚ ਕਿਸਾਨ ਆਗੂਆਂ ਦੀਆਂ ਤਕਰੀਰਾਂ ਸੁਣ ਕੇ ਆਮ ਲੋਕਾਂ ਦਾ ਚੇਤਨਾ ਪੱਧਰ ਵੀ ਵਧਣ ਲੱਗਾ ਹੈ। ਕਿਸਾਨ ਸੰਘਰਸ਼ ਦੀ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਲੋਕ ਹੁਣ ਆਪਣੇ ਚੁਣੇ ਹੋਏ ਆਗੂਆਂ ਨੂੰ ਘੇਰ ਕੇ ਸਵਾਲ ਪੁੱਛਣ ਲੱਗੇ ਹਨ ਤੇ ਪਿੰਡ ਵਿੱਚ ਵੜਨ ਤੋਂ ਮਨ੍ਹਾਂ ਕਰ ਰਹੇ ਹਨ। ਪਿੰਡ ਨਾਈਵਾਲਾ ਵਿੱਚ ਸਰਗਰਮ ਤਿੰਨ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂਆਂ ਨੇ ਆਪਸੀ ਸਲਾਹ ਮਸ਼ਵਰਾ ਕਰ ਕੇ ਪਿੰਡ ਵਿੱਚ ਵੋਟ ਸਿਆਸਤ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਲਗਾਏ ਗਏ ਬੈਨਰ ’ਤੇ ਲਿਖੇ ਨਾਅਰੇ ਸਿਆਸੀ ਪਾਰਟੀਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ। ਬੈਨਰ ’ਤੇ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਵੋਟ ਬਟੋਰੂ ਪਾਰਟੀਆਂ ਮੁਰਦਾਬਾਦ’ ਅਤੇ ‘ਚਿੱਟੇ ਬਗਲੇ ਨੀਲੇ ਮੋਰ, ਵੋਟਾਂ ਵਾਲੇ ਸਾਰੇ ਚੋਰ’ ਜਿਹੇ ਨਾਅਰੇ ਲਿਖ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਪਿੰਡ ਆਉਣ ’ਤੇ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ।
ਪਿੰਡ ਵਿੱਚ ਬੈਨਰ ਲਾਉਣ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਲਜੀਤ ਸਿੰਘ, ਬੇਅੰਤ ਸਿੰਘ, ਬਚਿੱਤਰ ਸਿੰਘ, ਪਰਗਟ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਗਦੀਸ਼ ਸਿੰਘ ਦੀਸ਼ਾ, ਬਲੌਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਬਾਰਾ ਸਿੰਘ ਅਤੇ ਗੋਰਖਾ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਇਹ ਬੈਨਰ ਲਗਾਉਣ ਤੋਂ ਪਹਿਲਾਂ ਪੂਰੇ ਪਿੰਡ ਦਾ ਇਕੱਠ ਸੱਦਿਆ ਗਿਆ ਸੀ ਅਤੇ ਸਾਰੇ ਇਕੱਠ ਦੀ ਸਹਿਮਤੀ ਨਾਲ ਹੀ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਤਾਂ ਕਿਸਾਨ ਦੋਖੀ ਹੈ ਹੀ ਪਰ ਬਾਕੀ ਸਿਆਸੀ ਪਾਰਟੀਆਂ ਨੇ ਵੀ ਘੱਟ ਨਹੀਂ ਕੀਤੀ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਅੰਬਾਨੀ, ਅਡਾਨੀ ਨਾਲ ਸਾਂਝ ਭਿਆਲੀ ਹੈ। ਇਸ ਲਈ ਉਹ ਪਿੰਡ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਸੱਦਾ ਦਿੰਦੇ ਹਨ। ਕਿਸਾਨ ਆਗੂਆਂ ਨੇ ਸਿਆਸੀ ਪਾਰਟੀਆਂ ’ਤੇ ਕਿਸਾਨ ਸੰਘਰਸ਼ ਦੀ ਫੋਕੀ ਹਮਾਇਤ ਕਰ ਕੇ ਰੋਟੀਆਂ ਸੇਕਣ ਦੇ ਦੋਸ਼ ਵੀ ਲਗਾਏ।