ਨਵੀਂ ਦਿੱਲੀ, 3 ਸਤੰਬਰ
ਰਾਸ਼ਟਰ ਦੀ ਆਵਾਜ਼ ਨੂੰ ਸਰਬਉੱਚ ਕਰਾਰ ਦਿੰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਆਵਾਜ਼ ਨੂੰ ਤਾਨਾਸ਼ਾਹੀ ਵਿਵਸਥਾ ਰਾਹੀਂ ਦਬਾਇਆ ਜਾ ਰਿਹਾ ਹੈ ਅਤੇ ਇਸ ਦਾ ਦਮਨ ਅੱਜ ਦੀ ਰਾਜਨੀਤੀ ਦਾ ਦੁਖਾਂਤ ਹੈ। ਉਨ੍ਹਾਂ ਕਾਂਗਰਸ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਅੱਜ ਇਕ ਵੀਡੀਓ ਜਾਰੀ ਕਰ ਕੇ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕੀਤੇ ਗਏ ਦੌਰਿਆਂ ਅਤੇ ਵੱਖ-ਵੱਖ ਲੋਕਾਂ ਨਾਲ ਕੀਤੀ ਗੱਲਬਾਤ ਦਾ ਜ਼ਿਕਰ ਕੀਤਾ ਹੈ। ਭਾਰਤੀ ਯੂਥ ਕਾਂਗਰਸ ਵੱਲੋਂ ਹਾਲ ਹੀ ਵਿਚ ਕਰਵਾਈ ਗਈ ਰਾਜੀਵ ਗਾਂਧੀ ਫੋਟੋ ਪ੍ਰਦਰਸ਼ਨੀ ਵਿਖੇ ਬਣਾਈ ਗਈ ਇਸ ਢਾਈ ਮਿੰਟ ਦੀ ਵੀਡੀਓ ਵਿਚ ਰਾਹੁਲ ਗਾਂਧੀ ਨੇ ਕਿਹਾ, ‘‘ਜਿੱਥੋਂ ਤੱਕ ਮੈਨੂੰ ਆਪਣੇ ਪਿਤਾ ਨਾਲ ਕੀਤੇ ਦੌਰਿਆਂ ਬਾਰੇ ਯਾਦ ਹੈ ਤਾਂ ਉਹ ਦੌਰੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਨਹੀਂ ਬਲਕਿ ਉਨ੍ਹਾਂ ਦੀਆਂ ਲੋੜਾਂ ਸਮਝਣ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਵਾਸਤੇ ਹੁੰਦੇ ਸਨ।’’ ਉਨ੍ਹਾਂ ਮੁਤਾਬਕ, ‘‘ਇਹ ਸਫ਼ਰ ਸੀ ਜਿਸ ਵਿਚ ਉਹ ਲੋਕਾਂ ਨੂੰ ਸੁਣਨ ਲਈ ਜਾਂਦੇ ਸਨ ਅਤੇ ਉਨ੍ਹਾਂ ਮਾਧਿਅਮਾਂ ਨੂੰ ਦੇਖਦੇ ਸਨ ਜਿਨ੍ਹਾਂ ਨਾਲ ਰਾਸ਼ਟਰ ਦੀ ਆਵਾਜ਼ ਨੂੰ ਹਕੀਕਤ ਵਿਚ ਤਬਦੀਲ ਕੀਤਾ ਜਾ ਸਕਦਾ ਸੀ।’’ ਉਨ੍ਹਾਂ ਕਿਹਾ, ‘‘ਨਿਸ਼ਚਿਤ ਤੌਰ ’ਤੇ ਅੱਜ ਵੀ ਉਹ ਆਵਾਜ਼ ਤੇਜ਼ ਹੈ ਪਰ ਉਸ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਆਵਾਜ਼ ਨੂੰ ਤਾਨਾਸ਼ਾਹੀ ਵਿਵਸਥਾ ਨਾਲ ਦਬਾਇਆ ਜਾ ਰਿਹਾ ਹੈ। ਅੱਜ ਦੀ ਰਾਜਨੀਤੀ ਦਾ ਦੁਖਾਂਤ ਇਹ ਹੈ ਕਿ ਮੀਡੀਆ, ਵੱਟਸਐਪ, ਟਵਿੱਟਰ, ਫੇਸਬੁੱਕ ਦੀ ਦੁਨੀਆ ਵਿਚ ਬੁਨਿਆਦੀ ਤੌਰ ’ਤੇ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।’’ -ਪੀਟੀਆਈ