ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਦਸੰਬਰ
ਸਿੰਘੂ ਬਾਰਡਰ ਤੇ ਕੁੰਡਲੀ ਵੱਲ ਦੇ ਪਾਸੇ ਦੀਆਂ ਦੁਕਾਨਾਂ ਤੇ ਹੋਰ ਅਦਾਰਿਆਂ ਦੀਆਂ ਕੰਧਾਂ ਜੋਸ਼ੀਲੇ ਤੇ ਪ੍ਰੇਰਨਾਦਾਇਕ ਨਾਅਰਿਆਂ ਨਾਲ ਭਰੀਆਂ ਹੋਈਆਂ ਹਨ। ਇਹ ਨਾਅਰੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੇ ਲਿਖੇ ਹਨ। ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਤਾਂ ਕੰਧਾਂ ਤੋਂ ਲੈ ਕੇ ਟਰਾਲੀਆਂ, ਟਰੈਕਟਰਾਂ ਤੇ ਜੀਪਾਂ ਤੇ ਕਾਰਾਂ ਉਪਰ ਪ੍ਰਮੁੱਖਤਾ ਨਾਲ ਲਿਖੇ ਹੋਏ ਹਨ।
ਲੁਧਿਆਣਾ ਜ਼ਿਲ੍ਹੇ ਤੋਂ ਆਏ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ‘ਕਿਸਾਨ ਏਕਤਾ’ ਇਸ ਸਮੇਂ ਸਭ ਤੋਂ ਮੁੱਖ ਲੋੜ ਹੈ ਅਤੇ ਹਰੇਕ ਦੇ ਮਨ ਵਿੱਚ ਇਹੀ ਗੱੱਲ ਹੈ ਕਿ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਕਰਵਾਉਣ ਦਾ ਮੁੱਖ ਹਥਿਆਰ ‘ਏਕਾ’ ਹੀ ਹੈ। ਮਰਹੂਮ ਕਵੀ ਪਾਸ਼, ਸੰਤ ਰਾਮ ਉਦਾਸੀ ਦੀਆਂ ਪ੍ਰਸਿੱਧ ਰਚਨਾਵਾਂ ਨਾਅਰਿਆਂ ਦਾ ਸ਼ਿੰਗਾਰ ਬਣੀਆਂ ਹਨ। ਭਗਤ ਸਿੰਘ ਸਮੇਤ ਸਿੱਖ ਯੋਧਿਆਂ ਦੀ ਗੱਲ ਹਰੇਕ ਬੁਲਾਰੇ ਵੱਲੋਂ ਵੱਖ-ਵੱਖ ਪ੍ਰਸੰਗਾਂ ਵਿੱਚ ਅਕਸਰ ਹੀ ਕੀਤੀ ਜਾਂਦੀ ਹੈ।
ਸਿੰਘੂ ਤੋਂ ਸੋਨੀਪਤ ਵੱਲ ਨੂੰ ਜਾਂਦੀ ਜਰਨੈਲੀ ਸੜਕ ਦੇ ਦੋਵੇਂ ਪਾਸੇ ਦੀਆਂ ਇਮਾਰਤਾਂ ਉਪਰ ਲਿਖੇ ਨਾਅਰੇ ਕਿਸਾਨਾਂ ਨੂੰ ਹਲੂਣਦੇ ਹਨ। ਸੂਹੇ ਅੱਖਰਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਨਾਅਰੇ ਲਿਖੇ ਹੋਏ ਹਨ।
ਥਾਂ-ਥਾਂ ਕਿਸਾਨਾਂ ਦੇ ਸਮੂਹ ਹੱਥਾਂ ਵਿੱਚ ਤਖ਼ਤੀਆਂ ਫੜੀ ਕੇਂਦਰ ਸਰਕਾਰ ਨੂੰ ਜਾਗਣ ਦਾ ਹੋਕਾ ਦਿੰਦੇ ਹਨ। ਦਿਨ ਭਰ ਵੱਖ-ਵੱਖ ਗਰੁੱਪ ਸਿੰਘੂ ਬਾਰਡਰ ਉਪਰ ਦਿੱਲੀ ਪੁਲੀਸ ਵੱਲੋਂ ਲਾਈਆਂ ਕੰਡੀਲੀਆਂ ਤਾਰਾਂ ਤੱਕ ਰੋਹ ਨਾਲ ਨਾਅਰੇਬਾਜ਼ੀ ਕਰਦੇ ਹੋਏ ਆਉਂਦੇ ਹਨ ਤੇ ਆਪਣੀ ਹਾਜ਼ਰੀ ਲਵਾ ਕੇ ਪਰਤਦੇ ਹਨ।