ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਦਿੱਲੀ ਹਾਈ ਕੋਰਟ ਦੀਆਂ ਮਹਿਲਾ ਵਕੀਲਾਂ ਦੀ ਫੋਰਮ ਨੇ ਅੱਜ ਇਥੇ ‘ਕਿਸਾਨ ਦਿਹਾੜੇ’ ਮੌਕੇ ਇਕ ਡੰਗ ਦੀ ਰੋਟੀ ਛੱਡ ਕੇ ਵਰਚੁਅਲ ਵਰਤ ਰੱਖਿਆ। ਮਹਿਲਾ ਵਕੀਲਾਂ ਨੇ ਇਸ ਮੌਕੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਵੀ ਲਾਏ। ਉਨ੍ਹਾਂ ਸ਼ਾਮ 6 ਵਜੇ ਦੇ ਵਰਤ ਤੋੜਿਆ। ਫੋਰਮ ਨਾਲ ਜੁੜੀਆਂ ਸੀਨੀਅਰ ਵਕੀਲਾਂ ਇੰਦਰਾ ਜੈਸਿੰਘ, ਆਨੰਦ ਗਰੋਵਰ, ਮੋਹਨ ਕਟਾਰਕੀ, ਮਾਲਕਸ਼ਮੀ ਪਵਾਨੀ ਤੇ ਵਿਸ਼ਵਜੀਤ ਭੱਟਾਚਾਰੀਆ ਦੇ ਨਾਲ ਹੋਰ ਵਕੀਲਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ। ਇਨ੍ਹਾਂ ਵਕੀਲਾਂ ਮੁਤਾਬਕ ਜਦੋਂ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਉਦੋਂ ਕੇਂਦਰ ਵੱਲੋਂ ਨਵੇਂ ਕਾਨੂੰਨਾਂ ਨੂੰ ਲੈ ਕੇ ਸੰਵਿਧਾਨਕ ਵੈਧਤਾ ਦਾ ਮੁੱਦਾ ਸੁਪਰੀਮ ਕੋਰਟ ਦੇ ਅਧੀਨ ਆਉਂਦਾ ਹੈ। ਹੁਣ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਮਸਲਾ ਹੈ। ਰਾਜ ਸਭਾ ਵਿੱਚ ਸਿਰਫ਼ ਜ਼ੁਬਾਨੀ ਵੋਟਾਂ ਨਾਲ ਪਾਸ ਕੀਤੇ ਗਏ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੂਰਗਾਮੀ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਇਸ ਖੇਤਰ ਨੂੰ ਬਹੁਤ ਨੁਕਸਾਨ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਕੀਲਾਂ ਸਮੇਤ ਪੰਜਾਬ ਹਰਿਆਣਾ ਹਾਈ ਕੋਰਟ ਤੇ ਹੋਰ ਰਾਜਾਂ ਦੀਆਂ ਬਾਰ ਕੌਂਸਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਚੁੱਕੀਆਂ ਹਨ।