ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਪੰਜਾਬ ਵਿਮੈੱਨ ਕੁਲੈਕਟਿਵ ਸੰਸਥਾ ਨੇ ਦੇਸ਼ ਵਿੱਚ ਬੱਚੀਆਂ ਅਤੇ ਔਰਤਾਂ ’ਤੇ ਅੱਤਿਆਚਾਰ, ਉਨ੍ਹਾਂ ਨੂੰ ਡਰਾਉਣ- ਧਮਕਾਉਣ ਅਤੇ ਸਮੂਹਿਕ ਜਬਰ-ਜਨਾਹ ਵਰਗੀਆਂ ਘਟਨਾਵਾਂ ਉੱਤੇ ਚਿੰਤਾ ਜਤਾਈ ਹੈ। ਪੰਜਾਬ ਵਿਮੈੱਨ ਕੁਲੈਕਟਿਵ ਦੀ ਕਨਵੀਨਰ ਡਾ. ਕੰਵਲਜੀਤ ਢਿੱਲੋਂ, ਕੋ-ਕਨਵੀਨਰ ਪ੍ਰੋ. ਸੁਰਿੰਦਰ ਜੈਪਾਲ ਅਤੇ ਸਮਾਜਿਕ ਕਾਰਕੁਨ ਕਮਾਇਨੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੱਚੀ ਨਾਲ ਵਾਪਰੀ ਜਬਰ-ਜਨਾਹ ਤੇ ਕਤਲ ਦੀ ਘਟਨਾ ਨੇ ਜੰਮੂ-ਕਸ਼ਮੀਰ ਵਿੱਚ ਬੱਚੀ ਨਾਲ ਕੀਤਾ ਅਣਮਨੁੱਖੀ ਕਾਰਾ ਯਾਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ, ਪ੍ਰਸ਼ਾਸਨ ਅਤੇ ਸਰਕਾਰਾਂ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ, ਦਿੱਲੀ ਪੁਲੀਸ ਅਤੇ ਕੇਂਦਰ ਸਰਕਾਰ ਨੂੰ ਪੁੱਛ ਰਹੀਆਂ ਹਨ ਕਿ ਬੱਚੀਆਂ ਅਤੇ ਔਰਤਾਂ ਨੂੰ ਜਬਰ-ਜਨਾਹ ਅਤੇ ਕਤਲਾਂ ਦੀ ਭੱਠੀ ਵਿੱਚ ਝੋਕ ਕੇ ਕਿਸ ਤਰ੍ਹਾਂ ਦਾ ਵਿਸ਼ਵ ਗੁਰੂ ਬਣਿਆ ਜਾ ਰਿਹਾ ਹੈ? ਔਰਤਾਂ ਦੇ ਰਹਿਣ ਲਈ ਭਾਰਤ ਕੋਈ ਸੁਰੱਖਿਅਤ ਜਗ੍ਹਾ ਨਹੀਂ ਰਹੀ। ਸੰਸਥਾ ਦੀਆਂ ਮੈਂਬਰਾਂ ਨੇ ਦਿੱਲੀ ਦੀ ਘਟਨਾ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ, ਪੀੜਤ ਬੱਚੀ ਦੇ ਮਾਪਿਆਂ ਨੂੰ ਕੁੱਟਣ ਤੇ ਡਰਾਉਣ, ਧਮਕਾਉਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਫਾਸਟ ਟਰੈਕ ਕੋਰਟ ਰਾਹੀਂ ਜਸਟਿਸ ਜੇ ਐੱਸ ਵਰਮਾ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਜਲਦੀ ਕੇਸ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪੰਜਾਬ ਸਟੇਟ ਵਿਮੈੱਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਧਨੌਲਾ ਵਿੱਚ ਹੋਈ ਸਮੂਹਿਕ ਜਬਰ-ਜਨਾਹ ਦੀ ਘਟਨਾ ਦੇ ਮੁਲਜ਼ਮਾਂ ਖ਼ਿਲਾਫ਼ ਵੀ ਕਾਰਵਾਈ ਮੰਗੀ।