ਉੱਤਰਕਾਸ਼ੀ, 23 ਨਵੰਬਰ
ਸਿਲਕਿਆਰਾ ਸੁਰੰਗ ’ਚ ਫਸੇ 41 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸਾਂ ਨੂੰ ਅੱਜ ਮੁੜ ਧੱਕਾ ਲੱਗਿਆ ਜਦੋਂ ਸਾਜ਼ੋ-ਸਾਮਾਨ ਲਈ ਬਣਾਏ ਗਏ ਪਲੈਟਫਾਰਮ ’ਤੇ ਕੁਝ ਤਰੇੜਾਂ ਆ ਗਈਆਂ ਅਤੇ ਡਰਿਲਿੰਗ ਦਾ ਕੰਮ ਵਿਚਕਾਰ ਹੀ ਛੱਡਣਾ ਪੈ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਿਸ ਪਲੈਟਫਾਰਮ ’ਤੇ 25 ਟਨ ਦੀ ਔਗਰ ਮਸ਼ੀਨ ਨੂੰ ਰੱਖਿਆ ਗਿਆ ਹੈ, ਉਸ ਨੂੰ ਪੱਕਾ ਕਰਨ ਮਗਰੋਂ ਹੀ ਡਰਿਲਿੰਗ ਸ਼ੁਰੂ ਹੋਵੇਗੀ। ਸੁਰੰਗ ਅੰਦਰੋਂ ਕਾਮਿਆਂ ਨੂੰ ਬਾਹਰ ਕੱਢਣ ਲਈ ਸਟੀਲ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪਹਿਲਾਂ ਬੁੱਧਵਾਰ ਰਾਤ ਨੂੰ ਆਖਿਆ ਜਾ ਰਿਹਾ ਸੀ ਕਿ ਮਜ਼ਦੂਰਾਂ ਨੂੰ ਕਿਸੇ ਸਮੇਂ ਵੀ ਸੁਰੰਗ ਅੰਦਰੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਅੱਜ ਪੂਰਾ ਦਿਨ ਬੀਤਣ ਮਗਰੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ। -ਪੀਟੀਆਈ