ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 27 ਅਕਤੂਬਰ
ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਟੀਕੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਸਬੰਧੀ ਮੀਟਿੰਗ ਕੀਤੀ ਅਤੇ ਟੀਕੇ ਦੇ ਨਿਰਮਾਤਾ ਭਾਰਤ ਬਾਇਓਟੈੱਕ ਤੋਂ ਹੋਰ ਸਪਸ਼ਟੀਕਰਨ ਮੰਗੇ ਹਨ। ਜਨੇਵਾ ਵਿੱਚ ਮੰਗਲਵਾਰ ਦੇਰ ਰਾਤ ਸਮਾਪਤ ਹੋਈ ਮੀਟਿੰਗ ਤੋਂ ਬਾਅਦ ਡਬਲਿਊਐੱਚਓ ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਟਵੀਟ ਕੀਤਾ, ‘ਡਬਲਿਊਐੱਚਓ ਦੇ ਸੁਤੰਤਰ ਤਕਨੀਕੀ ਸਲਾਹਕਾਰ ਸਮੂਹ ਨੇ ਅੱਜ ਮੀਟਿੰਗ ਕੀਤੀ ਅਤੇ ਭਾਰਤ ਬਾਇਓਟੈੱਕ ਤੋਂ ਟੀਕੇ ਦੀ ਵਿਸ਼ਵਵਿਆਪੀ ਵਰਤੋਂ ਲਈ ਅੰਤਮ ਸਪਸ਼ਟੀਕਰਨ ਤੇ ਜੋਖ਼ਮ ਮੁਲਾਂਕਣ ਰਿਪੋਰਟ ਮੰਗੀ ਹੈ। ਜੇ ਡੇਟਾ ਜਲਦੀ ਪ੍ਰਾਪਤ ਹੁੰਦਾ ਹੈ ਤਾਂ ਬੁੱਧਵਾਰ 3 ਨਵੰਬਰ ਨੂੰ ਕੋਵੈਕਸੀਨ ਦੀ ਵਰਤੋਂ ਬਾਰੇ ਅੰਤਿਮ ਫੈਸਲਾ ਕੀਤਾ ਜਾਵੇਗਾ।’