ਨਵੀਂ ਦਿੱਲੀ, 12 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ 1999 ਵਿਚ ਅਗਵਾ ਕਰ ਕੇ ਅਫ਼ਗਾਨਿਸਤਾਨ ਦੇ ਕੰਧਾਰ ਲਿਜਾਂਦੇ ਗਏ ਇੰਡੀਅਨ ਏਅਰਲਾਈਨਜ਼ ਦੇ ਯਾਤਰੀਆਂ ਵਾਲੇ ਜਹਾਜ਼ ਬਦਲੇ ਤਿੰਨ ਖਤਰਨਾਕ ਅਤਿਵਾਦੀਆਂ ਨੂੰ ਛੱਡਣਾ ਆਧੁਨਿਕ ਭਾਰਤ ਦਾ ਸਭ ਤੋਂ ਮਾੜਾ ਸਮਝੌਤਾ ਸੀ। ਸਵਾਮੀ ਨੇ ਇਹ ਗੱਲ ਆਪਣੀ ਕਿਤਾਬ ‘‘ਹਿਊਮਨ ਰਾਈਟਸ ਐਂਡ ਟੈਰਰਿਜ਼ਮ ਇਨ ਇੰਡੀਆ’’ ਵਿਚ ਕਹੀ। ਇਹ ਕਿਤਾਬ ਹਰ-ਆਨੰਦ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਉਨ੍ਹਾਂ ਇਸ ਕਿਤਾਬ ਵਿਚ ਕਿਹਾ ਕਿ ਅਤਿਵਾਦ ਦੇ ਮੁਕਾਬਲੇ ਲਈ ਭਾਰਤ ਨੂੰ ਇਕ ਅਜਿਹੇ ਰਾਸ਼ਟਰ ਵਜੋਂ ਪਛਾਣ ਜ਼ਰੂਰ ਬਣਾਉਣੀ ਚਾਹੀਦੀ ਹੈ, ਜਿਸ ਵਿਚ ਮਨੁੱਖੀ ਅਧਿਕਾਰਾਂ ਦੀ ਬੁਨਿਆਦ ਨੂੰ ਪੁਨਰਗਠਿਤ ਕੀਤਾ ਗਿਆ ਹੋਵੇ। -ਪੀਟੀਆਈ