ਲਖਨਊ, 6 ਜਨਵਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਅਖਿਲੇਸ਼ ਯਾਦਵ ਦੇ ਪਰਿਵਾਰ ਦੀ ਤੁਲਨਾ ਮਹਾਭਾਰਤ ਦੇ ਕਿਰਦਾਰਾਂ ਨਾਲ ਕੀਤੀ। ਉਨ੍ਹਾਂ ਕਿਹਾ,‘‘ਕਾਕਾ, ਮਾਮਾ, ਨਾਨਾ, ਭਤੀਜਾ ਜਿਹੇ ਨਾਮ ਤੁਸੀਂ ਮਹਾਭਾਰਤ ਜਾਂ 2012 ਤੋਂ 2017 ਤੱਕ ਸੁਣੇ ਹੋਣਗੇ।’’ ਨਵੇਂ ਚੁਣੇ ਗਏ ਨਾਇਬ ਤਹਿਸੀਲਦਾਰਾਂ, ਲੈਕਚਰਾਰਾਂ ਅਤੇ ਸਹਾਇਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਣ ਵੇਲੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ 2017 ਤੋਂ ਪਹਿਲਾਂ ਵੱਖ ਵੱਖ ਵਿਭਾਗਾਂ ’ਚ ਪਰਿਵਾਰਕ ਮੈਂਬਰਾਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ। ‘ਇਹ ਲੋਕ ਮਹਾਭਾਰਤ ਦੇ ਕਿਰਦਾਰਾਂ ਨਾਲ ਮੇਲ ਖਾਂਦੇ ਸਨ ਜਿਹੜੇ ਯੂਪੀ ਦੀ ਤਰੱਕੀ ’ਚ ਅੜਿੱਕੇ ਪਾਉਂਦੇ ਸਨ ਅਤੇ ਮਹਾਭਾਰਤ ਦੇ ਪਾਤਰਾਂ ਵਾਂਗ ਆਪਸ ’ਚ ਲੜਦੇ ਰਹਿੰਦੇ ਸਨ।’ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸੂਬੇ ਦੇ ਅਰਥਚਾਰੇ ਨੂੰ ਨੰਬਰ ਇਕ ਬਣਾਉਣ ਲਈ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ ਤਾਂ ਪੂਰਾ ਤੰਤਰ ਨਾਕਾਮ ਹੋ ਜਾਵੇਗਾ। ਪਿਛਲੀ ਸਰਕਾਰ ’ਤੇ ਹਮਲੇ ਜਾਰੀ ਰਖਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੈਰਿਟ ਅਤੇ ਇਮਾਨਦਾਰੀ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ ਅਤੇ ਭਰਤੀਆਂ ਜਾਤਾਂ ਅਤੇ ਪੈਸੇ ਦੀ ਤਾਕਤ ’ਤੇ ਕੀਤੀਆਂ ਜਾਂਦੀਆਂ ਹਨ ਤਾਂ ਸੂਬੇ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਉਹੋ ਸੂਬਾ ਹੈ, ਜੋ ਦੇਸ਼ ਦੇ ਵਿਕਾਸ ’ਚ ਰੁਕਾਵਟ ਮੰਨਿਆ ਜਾਂਦਾ ਸੀ ਪਰ ਅੱਜ ਯੂਪੀ 50 ਵਿਕਾਸ ਯੋਜਨਾਵਾਂ ਲਾਗੂ ਕਰਨ ’ਚ ਮੋਹਰੀ ਹੈ। -ਆਈਏਐਨਐਸ