ਲਖਨਊ, 21 ਅਗਸਤ
ਸਮਾਜਵਾਦੀ ਪਾਰਟੀ ਦੇ ਇੱਕ ਸਮਾਗਮ ਦੌਰਾਨ ਅੱਜ ਇੱਥੇ ਇੱਕ ਨੌਜਵਾਨ ਨੇ ਪਾਰਟੀ ਆਗੂ ਸਵਾਮੀ ਪ੍ਰਸਾਦ ਮੌਰਿਆ ’ਤੇ ਜੁੱਤੀ ਸੁੱਟ ਦਿੱਤੀ। ਇਹ ਜੁੱਤੀ ਹਾਲਾਂਕਿ ਮੌਰਿਆ ਤੱਕ ਨਹੀਂ ਪਹੁੰਚੀ। ਪਾਰਟੀ ਵਰਕਰਾਂ ਨੇ ਨੌਜਵਾਨ ਨੂੰ ਮੌਕੇ ’ਤੇ ਫੜ ਲਿਆ ਤੇ ਉਸ ਦੀ ਕੁੱਟਮਾਰ ਕਰਕੇ ਪੁਲੀਸ ਹਵਾਲੇ ਕਰ ਦਿੱਤਾ।
ਲਖਨਊ ਦੇ ਏਸੀਪੀ ਅਨਿੰਦਯ ਵਿਕਰਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਮਗਰੋਂ ਅਗਲੀ ਜਾਣਕਾਰੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਕਾਸ਼ ਸੈਣੀ ਵਜੋਂ ਹੋਈ ਹੈ ਅਤੇ ਉਸ ਨੇ ਵਕੀਲਾਂ ਵਾਲੇ ਕੱਪੜੇ ਪਾਏ ਹਨ। ਉਸ ਨੂੰ ਵਿਭੂਤੀ ਖੰਡ ਥਾਣੇ ਦੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਮਾਜਵਾਦੀ ਪਾਰਟੀ ਵੱਲੋਂ ਇੰਦਰਾ ਗਾਂਧੀ ਪ੍ਰਤਿਸ਼ਠਾਨ ’ਚ ਇੱਕ ਰੋਜ਼ਾ ਮਹਾਸੰਮੇਲਨ ਕਰਵਾਇਆ ਜਾ ਰਿਹਾ ਸੀ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸਮਾਗਮ ਨੂੰ ਸੰਬੋਧਨ ਕਰਨਾ ਸੀ ਪਰ ਘਟਨਾ ਸਮੇਂ ਤੱਕ ਉਹ ਪੰਡਾਲ ’ਚ ਨਹੀਂ ਪਹੁੰਚੇ ਸਨ। ਮੌਰਿਆ ਉੱਤਰ ਪ੍ਰਦੇਸ਼ ਦੇ ਇੱਕ ਮੁੱਖ ਓਬੀਸੀ ਆਗੂ ਹਨ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਤੋਂ ਸਪਾ ’ਚ ਸ਼ਾਮਲ ਹੋ ਗਏ ਸਨ। -ਪੀਟੀਆਈ
ਅਖਿਲੇਸ਼ ਨੇ ਘਟਨਾ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪਾਰਟੀ ਆਗੂ ਸਵਾਮੀ ਪ੍ਰਸਾਦ ਮੌਰਿਆ ’ਤੇ ਜੁੱਤੀ ਸੁੱਟੇ ਜਾਣ ਦੀ ਘਟਨਾ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਇਸ ਪਿੱਛੇ ਭਾਜਪਾ ਹੈ। ਅਜਿਹੀ ਹੀ ਘਟਨਾ ਬੀਤੇ ਦਿਨ ਘੋਸੀ ’ਚ ਵੀ ਵਾਪਰੀ ਸੀ ਅਤੇ ਉਸ ਪਿੱਛੇ ਵੀ ਭਾਜਪਾ ਦੇ ਲੋਕ ਸਨ। ਭਾਜਪਾ ਸਾਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਜੋ ਅਸੀਂ ਡਾ. ਭੀਮਰਾਓ ਅੰਬੇਡਕਰ ਦੇ ਸੰਵਿਧਾਨ ਦੀ ਮਰਿਆਦਾ ਅਤੇ ਇਸ ਵਿੱਚ ਦਿੱਤੇ ਗਏ ਅਧਿਕਾਰਾਂ ਬਾਰੇ ਚਰਚਾ ਨਾ ਕਰ ਸਕੀਏ।’ ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ’ਤੇ ਹਮਲੇ ਹੋ ਰਹੇ ਹਨ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ