ਈਟਾਨਗਰ/ਗੁਹਾਟੀ, 7 ਸਤੰਬਰ
ਅਰੁਣਾਚਲ ਪੁਲੀਸ ਨੇ ਅੱਜ ਦੱਸਿਆ ਹੈ ਕਿ ਭਾਰਤ-ਚੀਨ ਸਰਹੱਦ ’ਤੇ ਸੁਬਨਸਿਰੀ ਜ਼ਿਲ੍ਹੇ ’ਚੋਂ ਕਥਿਤ ਤੌਰ ’ਤੇ ਚੀਨੀ ਫ਼ੌਜ (ਪੀਐਲਏ) ਵੱਲੋਂ ਅਗਵਾ ਕੀਤੇ ਗਏ ਪੰਜ ਨੌਜਵਾਨਾਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜ਼ਿਲ੍ਹੇ ਦੇ ਨਾਚੋ ਇਲਾਕੇ ਦੇ ਪੰਜ ਪਿੰਡ ਵਾਸੀ ਜੰਗਲ ’ਚ ਸ਼ਿਕਾਰ ਲਈ ਗਏ ਸਨ। ਫ਼ੌਜ ਇਨ੍ਹਾਂ ਦੀ ਕੁਲੀ ਤੇ ਗਾਈਡ ਵਜੋਂ ਮਦਦ ਲੈਂਦੀ ਹੈ। ਨੌਜਵਾਨਾਂ ਦੇ ਲਾਪਤਾ ਹੋਣ ਬਾਰੇ ਪਰਿਵਾਰਾਂ ਨੇ ਬੀਤੇ ਸ਼ੁੱਕਰਵਾਰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ। ਸਮੂਹ ਵਿਚੋਂ ਘਰ ਪਰਤੇ ਦੋ ਮੈਂਬਰਾਂ ਨੇ ਪਰਿਵਾਰਾਂ ਨੂੰ ਦੱਸਿਆ ਕਿ ਬਾਕੀ ਪੰਜਾਂ ਨੂੰ ਸੇਰਾ-7 ’ਚੋਂ ਚੀਨੀ ਫ਼ੌਜੀ ਲੈ ਗਏ ਹਨ। ਇਹ ਇਕ ਫ਼ੌਜੀ ਗਸ਼ਤ ਜ਼ੋਨ ਹੈ ਜੋ ਕਿ ਨਾਚੋ ਤੋਂ 12 ਕਿਲੋਮੀਟਰ ਦੂਰ ਹੈ। ਨਾਚੋ ਮੈਕਮੋਹਨ ਰੇਖਾ ਦੇ ਨਾਲ ਆਖ਼ਰੀ ਪ੍ਰਸ਼ਾਸਕੀ ਸਰਕਲ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਜੋ ਕਿ ਅਰੁਣਾਚਲ ਦੀ ਪੂਰਬੀ ਸੰਸਦੀ ਸੀਟ ਤੋਂ ਸੰਸਦ ਮੈਂਬਰ ਹਨ, ਨੇ ਕਿਹਾ ਕਿ ਭਾਰਤੀ ਫ਼ੌਜ ਲਾਪਤਾ ਨੌਜਵਾਨਾਂ ਬਾਰੇ ਪੀਐੱਲਏ ਦਾ ‘ਹੌਟਲਾਈਨ’ ਉਤੇ ਜਵਾਬ ਉਡੀਕ ਰਹੀ ਹੈ। ਰਿਜਿਜੂ ਨੇ ਟਵੀਟ ਕੀਤਾ ਕਿ ਭਾਰਤੀ ਫ਼ੌਜ ਪਹਿਲਾਂ ਹੀ ਸੁਨੇਹਾ ਭੇਜ ਚੁੱਕੀ ਹੈ। ਤੇਜ਼ਪੁਰ ਅਧਾਰਿਤ ਰੱਖਿਆ ਬੁਲਾਰੇ ਲੈਫ਼ ਕਰਨਲ ਹਰਸ਼ਵਰਧਨ ਪਾਂਡੇ ਨੇ ਦੱਸਿਆ ਕਿ ਫ਼ੌਜ ਨੇ ਟੀਮਾਂ ਨੂੰ ਸੁਚੇਤ ਕਰ ਦਿੱਤਾ ਹੈ ਤੇ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿਚ ਹਨ। ਲਾਪਤਾ ਲੋਕ ਤਾਜਿਨ ਭਾਈਚਾਰੇ ਨਾਲ ਸਬੰਧਤ ਹਨ। ਪੁਲੀਸ ਨੂੰ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਲਾਕੇ ਦੇ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਤੱਥਾਂ ਦੀ ਪੁਸ਼ਟੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਵੀ ਪੀਐਲਏ ਅਜਿਹਾ ਕਰਦੀ ਰਹੀ ਹੈ ਤੇ ਮਗਰੋਂ ਰਿਹਾਅ ਕਰ ਦਿੰਦੀ ਹੈ। ‘ਆਲ ਅਰੁਣਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ’ ਨੇ ਘਟਨਾ ਨੂੰ ‘ਮੰਦਭਾਗਾ’ ਕਰਾਰ ਦਿੱਤਾ ਹੈ ਤੇ ਸਰਕਾਰ ਨੂੰ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਕਿਹਾ ਹੈ।
-ਪੀਟੀਆਈ