ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਚਾਲੂ ਵਿੱਤੀ ਵਰ੍ਹੇ 2021-22 ਦੀ ਚੌਥੀ ਤਿਮਾਹੀ ਦੌਰਾਨ ਛੋਟੀਆਂ ਬੱਚਤਾਂ ਯੋਜਨਾਵਾਂ ਲਈ ਵਿਆਜ ਦਰ ’ਚ ਕੋਈ ਤਬਦੀਲੀ ਨਹੀਂ ਕੀਤੀ। ਇਹ ਫ਼ੈਸਲਾ ਦੇਸ਼ ਦੇ ਪੰਜ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ਦੌਰਾਨ ਵੀ ਪਬਲਿਕ ਪ੍ਰੌਵੀਡੈਂਟ ਫੰਡ (ਪੀਪੀਐੱਫ) ਲਈ ਵਿਆਜ ਦਰ 7.1 ਫੀਸਦ ਅਤੇ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਲਈ 6.8 ਫੀਸਦ ਬਰਕਰਾਰ ਰਹੇਗੀ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ‘ਚਾਲੂ ਵਿੱਤੀ ਵਰ੍ਹੇ 2021-22 ਦੀ ਪਹਿਲੀ ਜਨਵਰੀ 2022 ਤੋਂ 31 ਮਾਰਚ 2022 ਤੱਕ ਚੱਲਣ ਵਾਲੀ ਚੌਥੀ ਤਿਮਾਹੀ ਦੌਰਾਨ ਵੱਖ ਵੱਖ ਛੋਟੀਆਂ ਬੱਚਤਾਂ ਯੋਜਨਾਵਾਂ ਲਈ ਵਿਆਜ ਦਰ ਤੀਜੀ ਤਿਮਾਹੀ ਵਾਲੀ ਹੀ ਬਰਕਰਾਰ ਰਹੇਗੀ।’ -ਪੀਟੀਆਈ