ਨਵੀਂ ਦਿੱਲੀ, 8 ਮਾਰਚ
ਮੁੱਖ ਅੰਸ਼
- ਪਿਛਲੇ 24 ਘੰਟਿਆਂ ’ਚ 3993 ਨਵੇਂ ਕੇਸ ਰਿਪੋਰਟ, 108 ਹੋਰ ਮੌਤਾਂ
ਉੱਘੇ ਵਾਇਰਸ ਵਿਗਿਆਨੀ ਡਾ. ਟੀ. ਜੈਕਬ ਜੌਹਨ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦ੍ਰਿੜ ਵਿਸ਼ਵਾਸ ਹੈ ਕਿ ਭਾਰਤ ਵਿੱਚ ਕੋਵਿਡ-19 ਦੀ ਚੌਥੀ ਲਹਿਰ ਨਹੀਂ ਆਏਗੀ ਬਸ਼ਰਤੇ ਵਾਇਰਸ ਦਾ ਕੋਈ ਅਣਕਿਆਸਿਆ ਸਰੂਪ ਸਾਹਮਣੇ ਨਾ ਆ ਜਾਵੇ, ਜੋ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਪੇਸ਼ ਆਏ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਦੀ ਲਾਗ ਦੇ 3993 ਨਵੇਂ ਕੇਸ ਰਿਪੋਰਟ ਹੋਏ ਹਨ, ਜੋ ਪਿਛਲੇ 662 ਦਿਨਾਂ ’ਚ ਸਭ ਤੋਂ ਹੇਠਲਾ ਅੰਕੜਾ ਹੈ। ਉਂਜ ਇਸੇ ਅਰਸੇ ਦੌਰਾਨ 108 ਹੋਰ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,15,210 ਹੋ ਗਈ ਹੈ। ਭਾਰਤ ਵਿੱਚ ਕੋਵਿਡ-19 ਦੀ ਤੀਜੀ ਲਹਿਰ 21 ਜਨਵਰੀ ਮਗਰੋਂ ਮੱਠੀ ਪੈਣ ਲੱਗੀ ਸੀ, ਜਦੋਂ ਕਰੋਨਾ ਦੀ ਲਾਗ ਦੇ 3,47,254 ਕੇਸ ਰਿਪੋਰਟ ਹੋਏ ਸਨ।
ਭਾਰਤੀ ਮੈਡੀਕਲ ਖੋਜ ਕੌਂਸਲ ਦੇ ਐਡਵਾਂਸ ਰਿਸਰਚ ਸੈਂਟਰ ਦੇ ਸਾਬਕਾ ਡਾਇਰੈਕਟਰ ਜੌਹਨ ਨੇ ਕਿਹਾ ਕਿ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਕਰੋਨਾ ਦੀ ਤੀਜੀ ਲਹਿਰ ਮੁੱਕ ਚੁੱਕੀ ਹੈ ਤੇ ਦੇਸ਼ ਇਕ ਵਾਰ ਫਿਰ ਉਸ ਗੇੜ ਵਿੱਚ ਦਾਖ਼ਲ ਹੋ ਗਿਆ ਹੈ, ਜਿੱਥੇ ਕਰੋਨਾ ਮੁੱਕਣ ਕੰਢੇ ਹੈ। ਉਨ੍ਹਾਂ ਕਿਹਾ, ‘‘ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦੀ ਗਿਣਤੀ ਲਗਾਤਾਰ ਘਟਣ ਦੇ ਨਾਲ ਹੌਲੀ ਹੌਲੀ ਸਥਿਰ ਹੋਣ ਲੱਗੀ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ ਕੇਸਾਂ ਦੀ ਗਿਣਤੀ ਥੋੜ੍ਹੀ ਬਹੁਤੀ ਉਪਰ ਥੱਲੇ ਹੋਈ ਹੈ। ਮੈਂ ਨਿੱਜੀ ਤੌਰ ’ਤੇ ਮੰਨਦਾ ਹਾਂ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਵੀ ਵਧ ਸਮੇਂ ਤੋਂ ਅਸੀਂ ਉਸ ਗੇੜ ਵਿੱਚ ਹਾਂ, ਜਿੱਥੇ ਇਹ ਮੁੱਕਣ ਕੰਢੇ ਹੈ। ਦੇਸ਼ ਦੇ ਸਾਰੇ ਰਾਜਾਂ ਵਿੱਚ ਇਕੋ ਜਿਹਾ ਰੁਝਾਨ ਵੇਖਣ ਨੂੰ ਮਿਲ ਰਿਹੈ।’’ ਦੇਸ਼ ਵਿੱਚ ਇਸ ਵੇਲੇ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 49,948 ਹੈ, ਜੋ 14 ਮਈ 2021 ਨੂੰ ਦਰਜ 49,219 ਕੇਸਾਂ ਮਗਰੋਂ ਸਭ ਤੋਂ ਹੇਠਲਾ ਅੰਕੜਾ ਹੈ। ਸਰਗਰਮ ਕੇਸ ਕੁੱਲ ਕੇਸਲੋਡ ਦਾ 0.12 ਫੀਸਦ ਹੈ ਜਦੋਂਕਿ ਕੋਵਿਡ ਤੋਂ ਸਿਹਤਯਾਬ ਹੋਣ ਦੀ ਦਰ ਵੱਡੇ ਸੁਧਾਰ ਨਾਲ 98.68 ਫੀਸਦ ਹੋ ਗਈ ਹੈ। -ਪੀਟੀਆਈ