ਲਖਨਊ, 29 ਮਈ
ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜਯੰਤ ਚੌਧਰੀ ਨੇ ਰਾਜ ਸਭਾ ਦੀ ਚੋਣ ਲਈ ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਅੱਜ ਕਿਹਾ ਕਿ ਆਧੁਨਿਕ ਜਮਹੂਰੀ ਭਾਰਤ ਵਿੱਚ ਗਿਆਨਵਾਪੀ ਮਸਜਿਦ ਜਿਹੇ ਮਾਮਲਿਆਂ ’ਤੇ ਵਾਦ-ਵਿਵਾਦ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਚੌਧਰੀ ਸਪਾ ਤੇ ਆਰਐੱਲਡੀ ਦੇ ਸਾਂਝੇ ਉਮੀਦਵਾਰ ਵਜੋਂ ਸੋਮਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ, ਹਾਲਾਂਕਿ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਚੋਣ ਲਈ ਉਨ੍ਹਾਂ ਦਾ ਨਾਮ ਐਲਾਨੇ ਜਾਣ ਨੂੰ ਲੈ ਕੇ ਕੀਤੀ ਦੇਰੀ ਬਾਰੇ ਉਨ੍ਹਾਂ ਚੁੱਪ ਵੱਟੀ ਰੱਖੀ। ਸੂਤਰਾਂ ਨੇ ਕਿਹਾ ਕਿ ਗੱਠਜੋੜ ਵਿਚਲੇ ਭਾਈਵਾਲ ਦੇ ਇਸ ਰਵੱਈਏ ਨਾਲ ਜਯੰਤ ਨੂੰ ਸ਼ੁਰੂਆਤ ’ਚ ਥੋੜ੍ਹਾ ਝਟਕਾ ਜ਼ਰੂਰ ਲੱਗਾ ਸੀ। ਰਾਜ ਸਭਾ ਲਈ ਚੁਣੇ ਜਾਣ ’ਤੇ ਜਯੰਤ ਚੌਧਰੀ ਸੰਸਦ ਦੇ ਉਪਰਲੇ ਸਦਨ ਵਿੱਚ ਆਪਣੀ ਪਾਰਟੀ ਦੇ ‘ਇਕੋ ਇਕ’ ਉਮੀਦਵਾਰ ਹੋਣਗੇ।
ਚੌਧਰੀ ਨੇ ਪੀਟੀਆਈ ਨੂੰ ਦੱਸਿਆ, ‘‘ਜੇਕਰ ਤੁਸੀਂ ਵੇਖੋ ਤਾਂ ਕਾਨੂੰਨ ਵੀ (ਗਿਆਨਵਾਪੀ ਜਿਹੇ ਮਸਲਿਆਂ ਉੱਤੇ) ਵਾਦ-ਵਿਵਾਦ ਦੀ ਇਜਾਜ਼ਤ ਨਹੀਂ ਦਿੰਦਾ। ਆਧੁਨਿਕ ਜਮਹੂਰੀ ਭਾਰਤ ਵਿੱਚ ਸਾਨੂੰ ਅਜਿਹੇ ਵਾਦ-ਵਿਵਾਦਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਭਵਿੱਖ ਲਈ ਵਧੇਰੇ ਗੜਬੜ ਪੈਦਾ ਕਰਨ ਵਾਸਤੇ ਸਾਡੇ ਬੀਤੇ ਨੂੰ ਇਕ ਬਹਾਨੇ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਾਨੂੰ ਅੱਗੇ ਵੱਲ ਨੂੰ ਵੇਖਣ ਅਤੇ ਅਸਲ ਭਾਰਤ ਦੇ ਅਸਲ ਮੁੱਦਿਆਂ ਨੂੰ ਮੁਖਾਤਬਿ ਹੋਣ ਦੀ ਲੋੜ ਹੈ।’’ -ਪੀਟੀਆਈ