ਨਵੀਂ ਦਿੱਲੀ, 21 ਅਗਸਤ
ਦੇਸ਼ ਵਿੱਚ ਕਣਕ ਦਾ ਲੋੜੀਂਦਾ ਭੰਡਾਰ ਮੌਜੂਦ ਹੋਣ ਕਰਕੇ ਸਰਕਾਰ ਇਸ ਵਾਰ ਕਣਕ ਦਰਾਮਦ ਨਹੀਂ ਕਰੇਗੀ। ਸੂਤਰਾਂ ਅਨੁਸਾਰ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਕੋਲ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਢੁਕਵਾਂ ਸਟਾਕ ਮੌਜੂਦ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੁੱਝ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਅਨਾਜ ਦਰਾਮਦ ਕਰ ਸਕਦਾ ਹੈ।
ਭਾਰਤ ਵਿੱਚ ਕਣਕ ਦਾ ਉਤਪਾਦਨ ਲਗਪਗ ਤਿੰਨ ਫੀਸਦੀ ਘਟ ਕੇ 106.84 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ ਜਦੋਂ ਕਿ 2021-22 ਵਿੱਚ ਕੁੱਲ ਅਨਾਜ ਉਤਪਾਦਨ 315.72 ਮਿਲੀਅਨ ਟਨ ਤੱਕ ਪਹੁੰਚ ਸਕਦਾ ਹੈ। ਗਰਮੀ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੇ ਦਾਣੇ ਸੁੰਗੜਨ ਕਰਕੇ ਉਸ ਦਾ ਉਤਪਾਦਨ ਘਟ ਗਿਆ ਸੀ। ਆਟਾ ਮਿੱਲਾਂ ਦੀ ਇਕ ਸੰਸਥਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ’ਤੇ ਕਾਬੂ ਪਾਉਣ ਲਈ ਕਣਕ ’ਤੇ 40 ਫੀਸਦੀ ਦਰਾਮਦ ਡਿਊਟੀ ਖਤਮ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ