ਨਵੀਂ ਦਿੱਲੀ, 11 ਜੁਲਾਈ
ਬੁਨਿਆਦੀ ਢਾਂਚੇ ’ਤੇ ਖਰਚ ਵਿਚ ਭਾਰੀ ਨਿਘਾਰ ਆਉਣ ਅਤੇ ਟੀਕਾਕਰਨ ਦਰ ਘਟਣ ਸਬੰਧੀ ਖ਼ਬਰਾਂ ਨੂੰ ਲੈ ਕੇ ਸੀਪੀਆਈ (ਐੱਮ) ਨੇ ਅੱਜ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਖੱਬੀ ਪਾਰਟੀ ਨੇ ਕਿਹਾ ਕਿ ਜੇਕਰ ਜਨਤਕ ਨਿਵੇਸ਼ ਹੀ ਨਹੀਂ ਵਧਦਾ ਤਾਂ ਐਨੇ ਵੱਡੇ ਮੰਤਰੀ ਮੰਡਲ ਦਾ ਕੋਈ ਫਾਇਦਾ ਨਹੀਂ।
ਟਵੀਟਾਂ ਦੀ ਇਕ ਲੜੀ ਵਿਚ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਬੁਨਿਆਦੀ ਢਾਂਚਾ ਬਣਾਉਣ, ਰੁਜ਼ਗਾਰ ਤੇ ਮੰਗ ਪੈਦਾ ਕਰਨ ਲਈ ਵਧੇਰੇ ਖਰਚ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਪੈਸਾ ਕਿੱਥੇ ਖਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਕੌਮੀ ਅਸਾਸਿਆਂ ਦੀ ਕੀਤੀ ਜਾ ਰਹੀ ਲੁੱਟ ਅਤੇ ਪੈਟਰੋਲ ’ਤੇ ਹੱਦੋਂ ਵੱਧ ਲਗਾਏ ਟੈਕਸਾਂ ਤੋਂ ਆਇਆ ਪੈਸਾ ਕਿੱਥੇ ਗਿਆ? ਕੀ ਮੋਦੀ ਸਰਕਾਰ ਦੇ ਲੋਕ ਸੰਪਰਕ ਪ੍ਰਚਾਰ ’ਤੇ ਲਗਾ ਦਿੱਤਾ? ਵਿਸ਼ਵ ਰੁਜ਼ਗਾਰ ਅਤੇ ਲੋਕਾਂ ਦੀ ਮਦਦ ਲਈ ਖ਼ਰਚ ਕਰ ਰਿਹਾ ਹੈ ਤਾਂ ਜੋ ਲੋਕ ਦੁਬਾਰਾ ਆਪਣੀ ਜ਼ਿੰਦਗੀ ਨੂੰ ਪੈਰਾਂ ਸਿਰ ਕਰ ਸਕਣ, ਪਰ ਨਹੀਂ, ਭਾਰਤ ਸਰਕਾਰ ਨਹੀਂ।’’ ਸ੍ਰੀ ਯੇਚੁਰੀ ਨੇ ਕਿਹਾ ਕਿ ਕੋਵਿਡ-19 ਅਜੇ ਖ਼ਤਮ ਹੋਣ ਵਾਲਾ ਨਹੀਂ ਅਤੇ ਲੋਕਾਂ ਨੂੰ ਸਿਰਫ਼ ਵੈਕਸੀਨ ਰਾਹੀਂ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਮੰਤਰੀ ਮੰਡਲ ਦਾ ਕੋਈ ਫਾਇਦਾ ਨਹੀਂ ਜੇਕਰ ਵੈਕਸੀਨ ਵੀ ਮੁਹੱਈਆ ਨਹੀਂ ਹੁੰਦੀ ਹੈ। -ਪੀਟੀਆਈ