ਨਵੀਂ ਦਿੱਲੀ, 17 ਫਰਵਰੀ
ਦਲਾਈ ਲਾਮਾ ਨੇ ਅੱਜ ਕਿਹਾ ਕਿ ਪੁਲੀਸ ਲਈ ਉਦੋਂ ਤੱਕ ਆਪਣੀ ਨੌਕਰੀ ’ਤੇ ਸਖ਼ਤ ਹੋਣਾ ਠੀਕ ਹੈ ਜਦ ਤੱਕ ਉਨ੍ਹਾਂ ਦੀ ਕਾਰਵਾਈ ਵਡੇਰੇ ਚੰਗੇ ਹਿੱਤਾਂ ਨਾਲ ਜੁੜੀ ਹੋਵੇ। ਉਨ੍ਹਾਂ ਕਿਹਾ ਕਿ ‘ਸਖ਼ਤੀ ਵੀ ਅਨੁਸ਼ਾਸਨ ਕਾਇਮ ਕਰਨ ਦਾ ਹੀ ਇਕ ਤਰੀਕਾ ਹੈ। ਚਾਹੇ ਇਹ ਹਿੰਸਕ ਹੋਵੇ ਜਾਂ ਨਾ, ਇਹ ਮੰਤਵ ’ਤੇ ਨਿਰਭਰ ਕਰਦਾ ਹੈ। ਸਖ਼ਤ ਢੰਗ ਅਖ਼ਤਿਆਰ ਕਰਨੇ ਪੈਂਦੇ ਹਨ, ਪਰ ਇਰਾਦਾ ਲੋਕਾਂ ਦੀ ਰਾਖੀ ਦਾ ਹੋਣਾ ਚਾਹੀਦਾ ਹੈ।’ ਇੰਡੀਅਨ ਪੁਲੀਸ ਫਾਊਂਡੇਸ਼ਨ ਦੇ ਸੱਦੇ ’ਤੇ ਦਲਾਈ ਲਾਮਾ ਨੇ ਧਰਮਸ਼ਾਲਾ ਤੋਂ ਆਨਲਾਈਨ ਭਾਸ਼ਣ ਦੌਰਾਨ ਕਿਹਾ ਕਿ ਹਮਦਰਦ ਤੇ ਦਿਆਲੂ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਬਕ ਸਿੱਖਿਆ ਢਾਂਚੇ ਦਾ ਹਿੱਸਾ ਹੋਣੇ ਚਾਹੀਦੇ ਹਨ। ਦਲਾਈ ਲਾਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਧਰਮ ਨਿਰਪੱਖ ਢੰਗ ਨਾਲ ਸਿੱਖਿਅਤ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸਿੱਖਿਆ ਉਨ੍ਹਾਂ ਨੂੰ ਆਪਣੇ ਆਪ ਜ਼ਿਆਦਾ ਦਿਆਲੂ ਬਣਾਏਗੀ। ਉਨ੍ਹਾਂ ਕਿਹਾ ਕਿ ਭਾਰਤੀ ਪੁਲੀਸ ‘ਦਿਆਲਤਾ ਤੇ ਅਹਿੰਸਾ ਦੀ ਰੱਖਿਅਕ’ ਹੈ। ਦਲਾਈ ਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਰਾਜੇਂਦਰ ਪ੍ਰਸਾਦ ਜਿਹੇ ਆਗੂਆਂ ਨੇ ਅਹਿੰਸਾ ਨੂੰ ਹੀ ਪ੍ਰਚਾਰਿਆ। ਭਾਰਤ ਬਾਕੀ ਸੰਸਾਰ ਲਈ ਮਿਸਾਲ ਹੈ, ਵੱਖ-ਵੱਖ ਧਰਮਾਂ-ਭਾਸ਼ਾਵਾਂ ਵਾਲੇ ਲੋਕ ਇੱਥੇ ਮਿਲ-ਜੁਲ ਕੇ ਰਹਿ ਰਹੇ ਹਨ। -ਪੀਟੀਆਈ