ਨਵੀਂ ਦਿੱਲੀ, 23 ਅਗਸਤ
ਦੇਸ਼ ਦੇ ਵੱਡੇ ਜਲ ਭੰਡਾਰਾਂ ਦੇ ਪੱਧਰ ’ਚ ਪਿਛਲੇ ਵਰ੍ਹੇ ਦੇ ਮੁਕਾਬਲੇ ’ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ਪਰ ਕੁਝ ਖ਼ਿੱਤਿਆਂ ਖਾਸ ਕਰਕੇ ਉੱਤਰੀ ਖ਼ਿੱਤੇ ’ਚ ਆਮ ਨਾਲੋਂ ਘੱਟ ਪਾਣੀ ਜਮ੍ਹਾਂ ਹੋਇਆ ਹੈ ਜਿਸ ਕਾਰਨ ਆਉਂਦੇ ਮਹੀਨਿਆਂ ’ਚ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰੀ ਜਲ ਕਮਿਸ਼ਨ ਨੇ ਦੇਸ਼ ਭਰ ਦੇ 155 ਜਲ ਭੰਡਾਰਾਂ ਦੀ ਹਾਲਤ ਬਾਰੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਕਮਿਸ਼ਨ ਵੱਲੋਂ ਅੱਜ ਜਾਰੀ ਬੁਲੇਟਿਨ ਮੁਤਾਬਕ ਇਨ੍ਹਾਂ ਜਲ ਭੰਡਾਰਾਂ ’ਚ 130,800 ਅਰਬ ਕਿਊਬਿਕ ਮੀਟਰ ਪਾਣੀ ਹੈ ਜੋ ਭੰਡਾਰਨ ਸਮਰੱਥਾ ਦਾ 72 ਫ਼ੀਸਦ ਹੈ। ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਾਲੇ ਉੱਤਰੀ ਖ਼ਿੱਤੇ ’ਚ ਜਲ ਭੰਡਾਰਨ ਦਾ ਪੱਧਰ ਆਮ ਨਾਲੋਂ ਹੇਠਾਂ ਹੈ ਅਤੇ ਉਥੇ ਸਮਰੱਥਾ ਤੋਂ ਘੱਟ ਸਿਰਫ਼ 53 ਫ਼ੀਸਦ ਪਾਣੀ ਹੈ। ਇਹ ਪਿਛਲੇ ਵਰ੍ਹੇ ਦਰਜ 84 ਫ਼ੀਸਦ ਤੋਂ ਅਹਿਮ ਗਿਰਾਵਟ ਹੈ। ਸੀਡਬਲਿਊਸੀ ਨੇ ਰਿਪੋਰਟ ’ਚ ਕਿਹਾ ਹੈ ਕਿ ਦੇਸ਼ ’ਚ ਕੁੱਲ ਮਿਲਾ ਕੇ ਜਲ ਭੰਡਾਰਨ ਦੀ ਹਾਲਤ ਪਿਛਲੇ ਵਰ੍ਹੇ ਅਤੇ 10 ਵਰ੍ਹਿਆਂ ਦੀ ਔਸਤ ਨਾਲੋਂ ਬਿਹਤਰ ਹੈ। -ਪੀਟੀਆਈ